ਮੈਲਬਰਨ: ਦਹਾਕਿਆਂ ਤੋਂ ਮੋਬਾਈਲ ਫ਼ੋਨਾਂ ਦੀ ਵਿਸ਼ੇਸ਼ਤਾ ਰਹੇ 3G ਨੈੱਟਵਰਕ ਨੂੰ ਆਸਟ੍ਰੇਲੀਆ ਅਲਵਿਦਾ ਕਹਿਣ ਜਾ ਰਿਹਾ ਹੈ। ਆਉਣ ਵਾਲੇ ਮਹੀਨਿਆਂ ’ਚ ਪੂਰੇ ਆਸਟ੍ਰੇਲੀਆ ਅੰਦਰ 3G ਮੋਬਾਈਲ ਸੇਵਾਵਾਂ ਨੂੰ ਬੰਦ ਕਰ ਦਿੱਤਾ ਜਾਵੇਗਾ।
ਕਦੋਂ ਤੋਂ ਬੰਦ ਹੋ ਰਿਹੈ 3G
ਇਸ ਦੀ ਸ਼ੁਰੂਆਤ ਅੱਜ Vodafone ਵੱਲੋਂ ਆਪਣਾ 3G ਨੈੱਟਵਰਕ ਬੰਦ ਕੀਤੇ ਜਾਣ ਨਾਲ ਸ਼ੁਰੂ ਹੋ ਗਈ ਹੈ। ਇਸ ਦਾ ਮਤਲਬ ਹੈ ਕਿ ਪੁਰਾਣੇ ਮੋਬਾਈਲ ਫ਼ੋਨਾਂ ਵਾਲੇ ਹੁਣ ਆਪਣੇ ਮੋਬਾਈਲ ਫ਼ੋਨਾਂ ’ਤੇ ਕਾਲ ਕਰਨ ਜਾਂ ਇੰਟਰਨੈੱਟ ਪ੍ਰਯੋਗ ਕਰਨ ਦੇ ਯੋਗ ਨਹੀਂ ਹੋਣਗੇ। Telstra ਜੂਨ 30 ਤੋਂ ਬਾਅਦ ਅਤੇ Optus ਸਤੰਬਰ 2024 ’ਚ ਆਪਣੀਆਂ 3G ਸੇਵਾਵਾਂ ਨੂੰ ਬੰਦ ਕਰ ਦੇਣਗੇ। ਆਸਟ੍ਰੇਲੀਆ ’ਚ ਇਸ ਵੇਲੇ 3G ’ਤੇ ਨਿਰਭਰ ਡਿਵਾਇਸਿਜ਼ ਦੀ ਗਿਣਤੀ 30 ਲੱਖ ਦੱਸੀ ਜਾ ਰਹੀ ਹੈ। ਇਨ੍ਹਾਂ ’ਚ ਮੋਬਾਈਲ ਫ਼ੋਨਾਂ ਤੋਂ ਇਲਾਵਾ EFTPOS ਮਸ਼ੀਨਾਂ, ਕਾਰਾਂ, ਟੈਬਲੈੱਟਸ ਅਤੇ ਸਿਕਿਉਰਟੀ ਕੈਮਰੇ ਸ਼ਾਮਲ ਹਨ। ਇਹ ਸਾਲੇ 3G ਸੇਵਾਵਾਂ ਬੰਦ ਹੋਣ ਮਗਰੋਂ ਕੰਮ ਕਰਨਾ ਬੰਦ ਕਰ ਦੇਣਗੇ।
ਕੁੱਝ 4G ਮੋਬਾਈਲਾਂ ਵਾਲੇ ਵੀ ਹੋ ਸਕਦੇ ਹਨ ਪ੍ਰਭਾਵਤ
ਇਹੀ ਨਹੀਂ ਆਸਟ੍ਰੇਲੀਆ ਸਰਕਾਰ ਨੇ ਕਿਹਾ ਹੈ ਕਿ 740,000 4G ਮੋਬਾਈਲ ਫ਼ੋਨ ਵੀ ਅਜਿਹੇ ਹਨ ਜੋ 3G network ਦੇ ਬੰਦ ਹੋਣ ਕਾਰਨ ਪ੍ਰਭਾਵਤ ਹੋ ਸਕਦੇ ਹਨ। ਇਨ੍ਹਾਂ ਮੋਬਾਈਲ ਫ਼ੋਨਾਂ ’ਤੇ ਹੰਗਾਮੀ ਹਾਲਾਤ ਵੇਲੇ ਪ੍ਰਯੋਗ ਹੋਣ ਵਾਲੀ ਟ੍ਰਿਪਲ ਜ਼ੀਰੋ ਐਮਰਜੈਂਸੀ ਸਰਵਿਸ ਕੰਮ ਨਹੀਂ ਕਰੇਗੀ ਕਿਉਂਕਿ ਇਹ ਫ਼ੋਨ 000 ’ਤੇ ਕਾਲ ਕਰਨ ਲਈ 3G network ’ਤੇ ਨਿਰਭਰ ਕਰਦੇ ਹਨ।
3G network ਬੰਦ ਹੋਣ ’ਤੇ ਕੀ ਕਰੀਏ
ਜੇਕਰ 3G network ਦੇ ਬੰਦ ਹੋਣ ਕਾਰਨ ਪ੍ਰਭਾਵਤ ਹੋਇਆ ਹੈ ਤਾਂ ਜਾਂ ਤਾਂ ਤੁਹਾਨੂੰ ਪੁਰਾਣੇ 3G ਦੀ ਥਾਂ ’ਤੇ ਨਵਾਂ ਸਿਮ ਖ਼ਰੀਦਣ ਦੀ ਜ਼ਰੂਰਤ ਪਵੇਗੀ ਜਾਂ ਫਿਰ ਨਵਾਂ ਫ਼ੋਨ ਖ਼ਰੀਦਣਾ ਪਵੇਗਾ ਜੋ 4G ਜਾਂ 5G ਨੈੱਟਵਰਕ ਨੂੰ ਸਪੋਰਟ ਕਰਦਾ ਹੋਵੇ। 2014 ਦੇ ਅਖ਼ੀਰ ’ਚ ਜਾਰੀ iPhone 6 ਤੋਂ ਲੈ ਕੇ Apple ਦੇ ਸਾਰੇ ਮੋਬਾਈਲ ਫ਼ੋਨ 4G VoLTE ਸਮਰਥਾਵਾਂ ਨਾਲ ਲੈਸ ਹਨ। ਜੇਕਰ ਸੈਮਸੰਗ ਦੇ ਫ਼ੋਨਾਂ ਦੀ ਗੱਲ ਕੀਤੀ ਜਾਵੇ ਤਾਂ 2016 ’ਚ ਜਾਰੀ S7 ਸੀਰੀਜ਼ ਤੋਂ ਲੈ ਕੇ ਸਾਰੇ ਫ਼ੋਨ 4G VoLTE ਸਮਰਥਾ ਵਾਲੇ ਹਨ ਅਤੇ 2018 ’ਚ ਜਾਰੀ ਗੂਗਲ Pixel 3 ਤੋਂ ਲੈ ਕੇ ਸਾਰੇ Pixel ਫ਼ੋਨ 4G VoLTE ਨਾਲ ਲੈਸ ਹਨ।
ਕਿਉਂ ਬੰਦ ਹੋ ਰਿਹੈ 3G network
3ਜੀ ਕਵਰੇਜ ਨੂੰ ਬੰਦ ਕਰਕੇ, ਟੇਲਸਟ੍ਰਾ ਜਾਂ ਓਪਟਸ ਵਰਗੀਆਂ ਟੈਲੀਕਾਮ ਕੰਪਨੀਆਂ ਉਸ ਨੈੱਟਵਰਕ ਲਈ ਵਰਤੇ ਗਏ ਰੇਡੀਓ ਫ੍ਰੀਕੁਐਂਸੀ ਬੈਂਡ ਲੈ ਸਕਦੀ ਹੈ ਅਤੇ 4G ਜਾਂ 5G ਕਵਰੇਜ ਨੂੰ ਬਿਹਤਰ ਬਣਾਉਣ ਅਤੇ ਵਿਸਥਾਰ ਕਰਨ ਲਈ ਦੁਬਾਰਾ ਪ੍ਰਯੋਗ ਕਰ ਸਕਦੀ ਹੈ – ਇੱਕ ਪ੍ਰਕਿਰਿਆ ਜਿਸ ਨੂੰ “ਰੀ-ਫਾਰਮਿੰਗ” ਕਿਹਾ ਜਾਂਦਾ ਹੈ।