ਮੈਲਬਰਨ: ਅੱਜ ਜਾਰੀ ਨਵੀਂ ਰਿਪੋਰਟ ਅਨੁਸਾਰ, ਰੀਜਨਲ ਆਸਟ੍ਰੇਲੀਆ ਵਿੱਚ ਪ੍ਰਾਪਰਟੀ ਕੀਮਤਾਂ ਕੈਪੀਟਲ ਸਿਟੀਜ਼ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਹੀਆਂ ਹਨ। ਕੋਰਲੋਜਿਕ ਦੇ ਰੀਜਨਲ ਮਾਰਕੀਟ ਅਪਡੇਟ ਵਿਚ ਪਾਇਆ ਗਿਆ ਹੈ ਕਿ ਉੱਚ ਵਿਆਜ ਰੇਟ ਅਤੇ ਮਹਾਂਮਾਰੀ ਤੋਂ ਪਹਿਲਾਂ ਦੇ ਅੰਦਰੂਨੀ ਪ੍ਰਵਾਸ ਦੇ ਪੱਧਰਾਂ ‘ਤੇ ਵਾਪਸੀ ਦੇ ਬਾਵਜੂਦ ਗੈਰ-ਮਹਾਨਗਰੀ ਇਲਾਕਿਆਂ ’ਚ ਰੀਜਨਲ ਪ੍ਰਾਪਰਟੀ ਮਾਰਕੀਟ ਮਜ਼ਬੂਤ ਬਣੀ ਹੋਈ ਹੈ। ਇਸ ਦੇ ਮੁਕਾਬਲੇ ‘ਚ ਆਸਟ੍ਰੇਲੀਆ ਦੀਆ ਕੈਪੀਟਲ ਸਿਟੀਜ਼ ‘ਚ ਪ੍ਰਾਪਰਟੀ ਦੀਆਂ ਕੀਮਤਾਂ ਨਰਮ ਹੋ ਰਹੀਆਂ ਹਨ।
ਰਿਸਰਚ ਦੌਰਾਨ ਦੇਸ਼ ਦੇ 50 ਸਭ ਤੋਂ ਵੱਡੇ ਨਾਨ-ਕੈਪੀਟਲ ਮਹੱਤਵਪੂਰਨ ਸ਼ਹਿਰੀ ਖੇਤਰਾਂ (SUA) ਵਿੱਚ ਪ੍ਰਾਪਰਟੀ ਦੀਆਂ ਕੀਮਤਾਂ ਅਤੇ ਕਿਰਾਏ ਦੀ ਜਾਂਚ ਕੀਤੀ ਗਈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਜਨਵਰੀ ਤੱਕ ਦੇ ਤਿੰਨ ਮਹੀਨਿਆਂ ‘ਚ ਇਨ੍ਹਾਂ ਇਲਾਕਿਆਂ ‘ਚ ਕੀਮਤਾਂ 1.2 ਫੀਸਦੀ ਵਧੀਆਂ, ਜਦੋਂ ਕਿ ਰਾਜਧਾਨੀ ਸ਼ਹਿਰਾਂ ‘ਚ ਇਸ ਮਿਆਦ ‘ਚ ਇਕ ਫੀਸਦੀ ਦਾ ਵਾਧਾ ਹੋਇਆ ਹੈ। ਕੋਰਲੋਜਿਕ ਨੇ ਕਿਹਾ ਕਿ ਇਹ ਰੁਝਾਨ ਜਿੱਥੇ ਰੀਜਨਲ ਵਿਕਾਸ ਵਿੱਚ ਤੇਜ਼ੀ ਦੀ ਬਜਾਏ ਕੈਪੀਟਲ ਸਿਟੀਜ਼ ਦੀ ਵਿਕਾਸ ਦਰ ਵਿੱਚ ਗਿਰਾਵਟ ਕਾਰਨ ਵੇਖਣ ਨੂੰ ਮਿਲ ਰਿਹਾ ਹੈ। ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਰੀਜਨਲ ਪ੍ਰਾਪਰਟੀ ਮਾਰਕੀਟ ਕੁਈਨਜ਼ਲੈਂਡ ਅਤੇ ਵੈਸਟਰਨ ਆਸਟ੍ਰੇਲੀਆ ਵਿੱਚ ਸਨ।