ਮੈਲਬਰਨ: ਆਸਟ੍ਰੇਲੀਆ ਦੇ ਮਿਲਡੂਰਾ ’ਚ ਰਹਿਣ ਵਾਲਾ ਇੱਕ ਵਿਅਕਤੀ ਕਥਿਤ ਤੌਰ ‘ਤੇ ਲਗਭਗ 5 ਲੱਖ ਡਾਲਰ ਲੈ ਕੇ ਉਦੋਂ ਗ਼ਾਇਬ ਹੋ ਗਿਆ ਜਦੋਂ ਇਕ ਕ੍ਰਿਪਟੋਕਰੰਸੀ ਟ੍ਰੇਡਿੰਗ ਪਲੇਟਫਾਰਮ, ਰਾਈਨੋ ਟ੍ਰੇਡਿੰਗ ਪ੍ਰਾਈਵੇਟ ਲਿਮਟਿਡ (OTCPro) ਨੇ ਗਲਤੀ ਨਾਲ ਉਸ ਦੇ ਖਾਤੇ ਵਿਚ ਪੈਸੇ ਟਰਾਂਸਫ਼ਰ ਕਰਨ ਸਮੇਂ ਇਕ ਵਾਧੂ ‘0’ ਜੋੜ ਦਿੱਤਾ। ਕੰਪਨੀ ਵੱਲੋਂ ਪੈਸੇ ਵਾਪਸ ਕਰਨ ਦੇ ਤਰਲੇ ਕਰਨ ਦਾ ਚੀਨੀ ਮੂਲ ਦੇ ਇਸ ਵਿਅਕਤੀ ਕਾਓ ਸੇਂਗ ਚਾਈ (Kow Seng Chai) ਨੇ ਕੋਈ ਜਵਾਬ ਨਹੀਂ ਦਿੱਤਾ ਜਿਸ ਤੋਂ ਬਾਅਦ ਕੰਪਨੀ ਨੇ ਚਾਈ ਵਿਰੁਧ ਅਦਾਲਤ ’ਚ ਕੇਸ਼ ਕਰ ਦਿੱਤਾ ਹੈ।
ਦਰਅਸਲ 25 ਜਨਵਰੀ, 2024 ਨੂੰ ਚਾਈ ਨੇ ਆਪਣੇ ਕਾਰੋਬਾਰ, ਲੋਟੇ ਐਂਟਰਪ੍ਰਾਈਜ਼ ਪ੍ਰਾਈਵੇਟ ਲਿਮਟਿਡ ਰਾਹੀਂ OTCPro ’ਚ 99,500 ਡਾਲਰ ਜਮ੍ਹਾਂ ਕਰਵਾਏ ਸਨ। ਪਰ ਕੰਪਨੀ ਨੇ ਗਲਤੀ ਨਾਲ ਉਸ ਦੇ ਖਾਤੇ ’ਚ 99,500 ਡਾਲਰ ਦੀ ਬਜਾਏ ਇੱਕ ‘0’ ਫ਼ਾਲਤੂ ਲਗਾ ਕੇ 995,000 ਡਾਲਰ ਦਾ ਕ੍ਰੈਡਿਟ ਦੇ ਦਿੱਤਾ। ਕੰਪਨੀ ਨੂੰ 4 ਫਰਵਰੀ ਤੱਕ ਗਲਤੀ ਦਾ ਪਤਾ ਨਹੀਂ ਲੱਗ ਸਕਿਆ ਸੀ, ਉਸ ਸਮੇਂ ਤੱਕ ਚਾਈ ਨੇ ਕੁਝ ਫੰਡਾਂ ਦੀ ਵਰਤੋਂ ਟੀਥਰ ਨਾਮਕ ਕ੍ਰਿਪਟੋਕਰੰਸੀ ਖਰੀਦਣ ਕੀਤੀ ਅਤੇ ਬਾਕੀ ਹਰ ਰੋਜ਼ 100,000 ਅਮਰੀਕੀ ਡਾਲਰ ’ਚ ਕਢਵਾ ਲਏ ਕਿਉਂਕਿ ਇਸ ਤੋਂ ਵੱਧ ਰਕਮ ਇੱਕ ਦਿਨ ’ਚ ਨਹੀਂ ਕਢਵਾਈ ਜਾ ਸਕਦੀ।
ਜਦੋਂ ਤੱਕ ਗਲਤੀ ਦਾ ਪਤਾ ਲੱਗਿਆ ਚਾਈ ਨੇ ਲਗਭਗ 956,000 ਡਾਲਰ ਕਢਵਾ ਲਏ ਸਨ। OTCPro ਨੇ ਦਾਅਵਾ ਕੀਤਾ ਕਿ ਉਸ ਨੂੰ ਕੁੱਲ 491,934.76 ਡਾਲਰ ਦਾ ਨੁਕਸਾਨ ਹੋਇਆ ਹੈ। ਵਿਕਟੋਰੀਆ ਦੀ ਸੁਪਰੀਮ ਕੋਰਟ ਨੇ 9 ਫਰਵਰੀ ਨੂੰ ਚਾਈ ਦੀ ਜਾਇਦਾਦ ਫ਼੍ਰੀਜ਼ ਕਰਨ ਦਾ ਹੁਕਮ ਜਾਰੀ ਕੀਤਾ ਅਤੇ 21 ਫਰਵਰੀ ਨੂੰ ਚਾਈ ਨੂੰ ਆਸਟ੍ਰੇਲੀਆ ਛੱਡਣ ’ਤੇ ਪਾਬੰਦੀ ਲਗਾ ਦਿੱਤੀ ਗਈ। ਚਾਈ ਦੀ ਭਾਲ ਜਾਰੀ ਹੈ। ਪ੍ਰਾਈਵੇਸੀ ਚਿੰਤਾਵਾਂ ਕਾਰਨ ਪੁਲਿਸ ਫਿਲਹਾਲ ਇਸ ਮਾਮਲੇ ‘ਤੇ ਕੋਈ ਟਿੱਪਣੀ ਨਹੀਂ ਕਰ ਰਹੀ ਹੈ।
ਅਕਾਊਂਟੈਂਟ ਵੱਲੋਂ ਕੀਤੀ ਗ਼ਲਤੀ ਦਾ ਇਹ ਕੇਸ ਕੋਈ ਨਵਾਂ ਨਹੀਂ ਹੈ, ਇਹ ਵੀ ਪੜ੍ਹੋ: ‘ਦੋਸ਼ੀ ਤਾਂ ਹਾਂ ਪਰ ਚੋਰੀ ਨਹੀਂ ਕੀਤੀ’, ਜਤਿੰਦਰ ਸਿੰਘ ਦੇ ਕੇਸ ਨੇ ਜੱਜ ਨੂੰ ਪਾਇਆ ਚੱਕਰ ’ਚ, ਕਿਹਾ, ‘ਜੇ ਚੋਰ ਕਹਾਉਣ ਤੋਂ ਬਚਣੈ ਤਾਂ…’ – Sea7 Australia