ਮੈਲਬਰਨ: ਵਿਕਟੋਰੀਆ ਦੇ ਪੱਛਮੀ ਹਿੱਸੇ ਤਿੰਨ ਦਿਨਾਂ ਤੋਂ ਲੱਗੀ ਅੱਗ ਦੇ ਮੱਦੇਨਜ਼ਰ ਇੱਥੇ ਰਹਿਣ ਵਾਲੇ ਸੈਂਕੜੇ ਲੋਕਾਂ ਨੂੰ ਆਪਣੇ ਘਰਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਬਲਿੰਦੀਨ, ਐਲਮਹਰਸਟ, ਮਾਊਂਟ ਲੋਨਾਰਕ, ਮੇਨ ਲੀਡ, ਰਾਗਲਾਨ ਅਤੇ ਬਲਾਰਤ ਦੇ ਆਸ ਪਾਸ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਕਿਹਾ ਗਿਆ ਹੈ ਕਿ ਅਜੇ ਘਰ ਪਰਤਣਾ ਸੁਰੱਖਿਅਤ ਨਹੀਂ ਹੈ ਕਿਉਂਕਿ 1000 ਤੋਂ ਵੱਧ ਫਾਇਰ ਬ੍ਰਿਗੇਡ ਕਰਮਚਾਰੀ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਨਾਲ ਲੜ ਰਹੇ ਹਨ।
ਅੱਜ ਸਵੇਰੇ ਤਿੰਨ ਘਰਾਂ ਦੇ ਸੜ ਜਾਣ ਦੀ ਪੁਸ਼ਟੀ ਹੋਈ ਹੈ ਅਤੇ ਦਰਜਨਾਂ ਹੋਰ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਹੋਰ ਨੁਕਸਾਨ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਐਂਫੀਥੀਏਟਰ, ਐਵੋਕਾ, ਕ੍ਰੋਲੈਂਡਜ਼, ਐਲਮਹਰਸਟ, ਐਵਰਸਲੇ, ਗਲੇਨਲੋਫਟੀ, ਗਲੇਨਪੈਟ੍ਰਿਕ, ਗਲੇਨਸ਼ੀ, ਗ੍ਰੀਨ ਹਿੱਲ ਕ੍ਰੀਕ, ਲੈਂਡਸਬੋਰੋ, ਨੋਵੇਅਰ ਕ੍ਰੀਕ, ਪਰਸੀਡੇਲ, ਵਾਰੇਨਮੰਗ ਦੇ ਵਸਨੀਕਾਂ ਨੂੰ ਵੀ ਕਿਹਾ ਗਿਆ ਹੈ ਕਿ ਵਾਪਸ ਆਉਣਾ ਸੁਰੱਖਿਅਤ ਨਹੀਂ ਹੈ। ਰੋਚਰਲੀਆ, ਮੇਫੀਲਡ, ਮੋਬਰੇ ਅਤੇ ਆਸ ਪਾਸ ਦੇ ਇਲਾਕਿਆਂ ਲਈ ਐਡਵਾਇਜ਼ਰੀ ਅਲਰਟ ਜਾਰੀ ਕੀਤਾ ਗਿਆ ਹੈ। ਵਿਕਐਮਰਜੈਂਸੀ ਦੀ ਰਿਪੋਰਟ ਮੁਤਾਬਕ ਅੱਗ ਉੱਤਰ ਦਿਸ਼ਾ ਵੱਲ ਵਧ ਰਹੀ ਹੈ, ਜੋ ਇਸ ਸਮੇਂ ਐਲਮਹਰਸਟ ਦੇ ਦੱਖਣ ਵੱਲ ਨੇੜੇ ਦੇ ਜੰਗਲ ਵਿਚ ਹੈ ਅਤੇ ਮਾਊਂਟ ਲੋਨਾਰਕ ਖੇਤਰ ਵਿਚ ਅੱਗ ਦੀਆਂ ਗਤੀਵਿਧੀਆਂ ਹਨ।