ਮੈਲਬਰਨ: ਆਸਟ੍ਰੇਲੀਆ ਦੇ ਸਭ ਤੋਂ ਨੇੜੇ ਗੁਆਂਢੀ ਦੇਸ਼ ਪਾਪੂਆ ਨਿਊ ਗਿਨੀ ਦੇ ਏਂਗਾ ਸੂਬੇ ਵਿਚ ਕਬੀਲਿਆਂ ਵਿਚਾਲੇ ਹਿੰਸਕ ਝੜਪ ਵਿਚ ਘੱਟੋ-ਘੱਟ 49 ਲੋਕਾਂ ਦੀ ਮੌਤ ਹੋ ਗਈ ਹੈ। ਕਬੀਲਿਆਂ, ਉਨ੍ਹਾਂ ਦੇ ਸਹਿਯੋਗੀਆਂ ਅਤੇ ਕਿਰਾਏ ਦੇ ਸੈਨਿਕਾਂ ‘ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਗੁਆਂਢੀ ਕਬੀਲੇ ‘ਤੇ ਹਮਲਾ ਕਰਨ ਜਾ ਰਹੇ ਸਨ। ਦੇਸ਼ ਅੰਦਰ ਐਮਰਜੈਂਸੀ ਲਗਾ ਦਿੱਤੀ ਗਈ ਹੈ ਅਤੇ ਪ੍ਰਧਾਨ ਮੰਤਰੀ ਨੂੰ ਅਸਤੀਫ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ।
ਸ਼ੁਰੂਆਤ ‘ਚ ਮ੍ਰਿਤਕਾਂ ਦੀ ਗਿਣਤੀ 53 ਦੱਸੀ ਗਈ ਸੀ, ਫਿਰ ਇਸ ਨੂੰ ਘਟਾ ਕੇ 26 ਕਰ ਦਿੱਤਾ ਗਿਆ ਅਤੇ ਬਾਅਦ ‘ਚ ਹੋਰ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਇਹ ਗਿਣਤੀ ਵਧ ਕੇ 49 ਹੋ ਗਈ। ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਾਰਾਪੇ ਨੇ ਹਿੰਸਾ ‘ਤੇ ਚਿੰਤਾ ਜ਼ਾਹਰ ਕੀਤੀ ਅਤੇ ਕਬੀਲਿਆਂ ਨੂੰ ਆਪਣੇ ਹਥਿਆਰ ਸੁੱਟਣ ਦੀ ਅਪੀਲ ਕੀਤੀ ਹੈ। ਕਬੀਲਿਆਂ ਵਿਚੋਂ ਇਕ ਦੇ ਨੇਤਾ ਜੌਹਨ ਲੂਥਰ ਨੇ ਜਾਨਾਂ ਦੇ ਨੁਕਸਾਨ ਅਤੇ ਉਨ੍ਹਾਂ ਦੀ ਘੱਟ ਗਿਣਤੀ ਕਾਰਨ ਬਦਲਾ ਲੈਣ ਤੋਂ ਇਨਕਾਰ ਕੀਤਾ।
ਹਾਲਾਂਕਿ, ਸਰਕਾਰੀ ਵਕੀਲ ਓਲੀਵਰ ਨੋਬੇਟਾਓ ਨੂੰ ਉਮੀਦ ਹੈ ਕਿ ਜਵਾਬੀ ਹਿੰਸਾ ਵਿੱਚ ਹੋਰ ਜਾਨਾਂ ਜਾਣਗੀਆਂ। ਇਹ ਘਟਨਾ ਪਾਪੂਆ ਨਿਊ ਗਿਨੀ ਵਿਚ ਅੰਦਰੂਨੀ ਸੁਰੱਖਿਆ ਦੀ ਵਧਦੀ ਚੁਣੌਤੀ ਨੂੰ ਦਰਸਾਉਂਦੀ ਹੈ, ਜੋ 800 ਭਾਸ਼ਾਵਾਂ ਬੋਲਣ ਵਾਲੇ ਇਕ ਕਰੋੜ ਲੋਕਾਂ ਦੀ ਆਬਾਦੀ ਵਾਲਾ ਵਿਭਿੰਨ ਦੇਸ਼ ਹੈ। 2022 ਦੀਆਂ ਚੋਣਾਂ ਤੋਂ ਬਾਅਦ ਖੇਤਰ ਵਿੱਚ ਕਬਾਇਲੀ ਹਿੰਸਾ ਤੇਜ਼ ਹੋ ਗਈ ਹੈ।