ਵਿਕਟੋਰੀਆ ‘ਤੇ ਮੌਸਮ ਦੀ ਭਿਆਨਕ ਮਾਰ, ਇੱਕ ਮੌਤ, ਅੱਗ ‘ਚ ਕਈ ਘਰ ਸੜੇ, ਲੱਖਾਂ ਘਰਾਂ ਦੀ ਬਿਜਲੀ ਗੁੱਲ

ਮੈਲਬਰਨ: ਵਿਕਟੋਰੀਆ ’ਚ ਕਈ ਦਿਨਾਂ ਤੋਂ ਪੈ ਰਹੀ ਸਖ਼ਤ ਗਰਮੀ ਕਾਰਨ ਕਈ ਥਾਵਾਂ ’ਤੇ ਬੁਸ਼ਫਾਇਰ ਭੜਕ ਗਈ ਹੈ। ਪੋਮੋਨਲ ਅਤੇ ਬੈੱਲਫ਼ੀਲਡ ਵਿਚ 2100 ਹੈਕਟੇਅਰ ਤੋਂ ਵੱਧ ਇਲਾਕਾ ਸੜ ਚੁੱਕਾ ਹੈ। ਇਸ ਦੇ ਨਤੀਜੇ ਵਜੋਂ ਘਰਾਂ ਅਤੇ ਬਾਹਰੀ ਇਮਾਰਤਾਂ ਸਮੇਤ ਜਾਇਦਾਦ ਦਾ ਵੱਡਾ ਨੁਕਸਾਨ ਹੋਇਆ ਹੈ। ਅੱਗ ਦੀ ਭੇਟ ਚੜ੍ਹੇ ਘਰਾਂ ਦੀ ਗਿਣਤੀ 20-30 ਦੱਸੀ ਜਾ ਰਹੀ ਹੈ। ਅੱਗ ਏਨੀ ਭਿਆਨਕ ਹੈ ਕਿ ਸੜਨ ਤੋਂ ਬਾਅਦ ਇਹ ਵੀ ਪਤਾ ਨਹੀਂ ਲੱਗ ਰਿਹਾ ਕਿ ਸੜਕ ਕਿੱਥੇ ਘਰ ਸੀ ਅਤੇ ਕਿੱਥੇ ਨਹੀਂ। ਫਾਇਰ ਬ੍ਰਿਗੇਡ ਦੇ ਕਰਮਚਾਰੀ ਨੁਕਸਾਨ ਦਾ ਮੁਲਾਂਕਣ ਕਰ ਰਹੇ ਹਨ, ਹਾਲਾਂਕਿ ਸਮਾਂ ਰਹਿੰਦੇ ਲੋਕਾਂ ਨੂੰ ਅੱਗ ਵਾਲੇ ਇਲਾਕਿਆਂ ਤੋਂ ਕੱਢਣ ਦੇਣ ਕਾਰਨ ਲਾਪਤਾ ਵਿਅਕਤੀਆਂ ਦੀ ਕੋਈ ਰਿਪੋਰਟ ਨਹੀਂ ਹੈ। ਫਾਇਰ ਬ੍ਰਿਗੇਡ ਦੇ ਪੰਜ ਕਰਮਚਾਰੀ ਮਾਮੂਲੀ ਤੌਰ ‘ਤੇ ਝੁਲਸ ਗਏ। ਮੌਸਮ ਠੰਢਾ ਹੋਣ ਦੇ ਬਾਵਜੂਦ, ਅੱਗ ਦੀਆਂ ਸਥਿਤੀਆਂ ਜਾਰੀ ਹਨ। ਗਰੈਂਪੀਅਨਸ ਨੈਸ਼ਨਲ ਪਾਰਕ ’ਚ ਖ਼ਤਰੇ ਦੀ ਚੇਤਾਵਨੀ ਹਟਾ ਦਿੱਤੀ ਗਈ ਹੈ ਪਰ ਇਸ ਦੇ ਉੱਤਰ ’ਚ ਮਾਊਂਟ ਸਟੈਪਲਟਨ ਨੇੜੇ ਅਜੇ ਵੀ ਅੱਗ ਫੈਲ ਰਹੀ ਹੈ। ਸਾਊਥ-ਵੈਸਟ ਵਿਕਟੋਰੀਆ ਦੇ 25 ਸਕੂਲਾਂ ’ਚ ਛੁੱਟੀ ਕਰ ਦਿੱਤੀ ਗਈ ਹੈ।

ਤੂਫ਼ਾਨ ਕਾਰਨ ਲੱਖਾਂ ਘਰਾਂ ’ਚ ਬਿਜਲੀ ਬੰਦ

ਇਸ ਤੋਂ ਇਲਾਵਾ, ਵਿਕਟੋਰੀਆ ਤੂਫਾਨ ਕਾਰਨ ਵੱਡੇ ਪੱਧਰ ‘ਤੇ ਬਿਜਲੀ ਗੁੱਲ ਹੋਣ ਦਾ ਵੀ ਸਾਹਮਣਾ ਕਰ ਰਿਹਾ ਹੈ। 285,500 ਘਰਾਂ ਅਤੇ ਕਾਰੋਬਾਰਾਂ ਵਿੱਚ ਅਜੇ ਵੀ ਬਿਜਲੀ ਨਹੀਂ ਹੈ। ਇੱਕ ਸਮੇਂ 530,000 ਘਰਾਂ ਦੀ ਬਿਜਲੀ ਬੰਦ ਹੋ ਗਈ ਸੀ। ਕੁਝ ਇਲਾਕਿਆਂ ਵਿੱਚ ਹਫ਼ਤਿਆਂ ਤੱਕ ਬਿਜਲੀ ਬਹਾਲ ਨਹੀਂ ਹੋ ਸਕਦੀ। 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ ਕਾਰਨ ਨੁਕਸਾਨੀਆਂ ਗਈਆਂ ਬਿਜਲੀ ਲਾਈਨਾਂ ਅਤੇ ਬੁਨਿਆਦੀ ਢਾਂਚੇ ਦੀ ਮੁਰੰਮਤ ਲਈ ਐਮਰਜੈਂਸੀ ਵਰਕਰ ਲਗਾਤਾਰ ਕੰਮ ਕਰ ਰਹੇ ਹਨ। ਗਿਪਸਲੈਂਡ ਦੇ ਮਿਰਬੂ ਨੌਰਥ ’ਚ ਤੂਫ਼ਾਨ ਕਾਰਨ ਇੱਕ ਡੇਅਰੀ ਕਿਸਾਨ ਦੀ ਮੌਤ ਹੋਣ ਦੀ ਖ਼ਬਰ ਹੈ।

ਬਿਜਲੀ ਬੰਦ ਹੋਣ ਨਾਲ ਟ੍ਰੈਫਿਕ ਲਾਈਟਾਂ ਵੀ ਪ੍ਰਭਾਵਿਤ ਹੋਈਆਂ। ਵਿਕਟੋਰੀਅਨ ਸਟੇਟ ਐਮਰਜੈਂਸੀ ਸਰਵਿਸ ਨੂੰ ਸਵੇਰੇ 6 ਵਜੇ ਮਦਦ ਲਈ 2750 ਤੋਂ ਵੱਧ ਕਾਲਾਂ ਪ੍ਰਾਪਤ ਹੋਈਆਂ, 1750 ਕਾਲਾਂ ਦੀ ਸ਼ਿਕਾਇਤ ਦੂਰ ਕੀਤੀ ਗਈ ਅਤੇ ਬਾਕੀ ‘ਤੇ ਕੰਮ ਕੀਤਾ ਜਾ ਰਿਹਾ ਹੈ। ਗ੍ਰਹਿ ਮੰਤਰੀ ਕਲੇਅਰ ਓਨੀਲ ਨੇ ਬਿਜਲੀ ਲਾਈਨਾਂ ਨੂੰ ਹੋਏ ਨੁਕਸਾਨ ‘ਤੇ ਹੈਰਾਨੀ ਜ਼ਾਹਰ ਕੀਤੀ ਅਤੇ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਵਿਕਟੋਰੀਆ ’ਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ। ਕੁਝ ਹਿੱਸਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਰਿਹਾ। ਉੱਤਰ-ਪੱਛਮ ਵਿੱਚ ਵਾਲਪੇਪ ਅਤੇ ਹੋਪਟੌਨ ਵਰਗੇ ਵਿਸ਼ੇਸ਼ ਸਥਾਨਾਂ ‘ਤੇ ਤਾਪਮਾਨ ਕ੍ਰਮਵਾਰ 41.7 ਸੈਲਸੀਅਸ ਅਤੇ 41.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਵਾ ਦੀ ਤਬਦੀਲੀ ਕਾਰਨ ਐਵਲਨ ਨੇ 15 ਮਿੰਟਾਂ ਦੇ ਅੰਦਰ ਤਾਪਮਾਨ 41 ਡਿਗਰੀ ਸੈਲਸੀਅਸ ਤੋਂ 26 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ।

Leave a Comment