ਨਸ਼ੇ ’ਚ ਟੱਲੀ ਮਿਲੇ ਆਸਟ੍ਰੇਲੀਆ ਦੇ ਸਾਬਕਾ ਉਪ ਪ੍ਰਧਾਨ ਮੰਤਰੀ, ਜਾਣੋ ਕੀ ਦਿੱਤੀ ਸਫ਼ਾਈ

ਮੈਲਬਰਨ: ਵਿਰੋਧੀ ਧਿਰ ਦੇ ਸੀਨੀਅਰ ਆਗੂ ਅਤੇ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਬਾਰਨਬੀ ਜੋਈਸ ਦੀ ਇੱਕ ਵੀਡੀਓ ਜਨਤਕ ਹੋਈ ਹੈ ਜਿਸ ’ਚ ਉਹ ਰਾਜਧਾਨੀ ਕੈਨਬਰਾ ਦੀ ਇੱਕ ਸੜਕ ’ਤੇ ਨਸ਼ੇ ਨਾਲ ਟੱਲੀ ਲੰਮੇ ਪਏ ਅਤੇ ਆਪਣੀ ਪਤਨੀ ਨੂੰ ਫ਼ੋਨ ’ਤੇ ਗਾਲ੍ਹਾਂ ਕੱਢ ਰਹੇ ਹਨ। ਜੋਈਸ ਨੂੰ ਵਿਰੋਧੀ ਧਿਰ ਦੇ ਅਹੁਦਿਆਂ ਤੋਂ ਹਟਾਉਣ ਦੀ ਮੰਗ ਜ਼ੋਰ ਫੜ ਰਹੀ ਹੈ। ਜਦਕਿ ਇਸ ਘਟਨਾ ਬਾਰੇ ਚਰਚਾ ਲਈ ਵਿਰੋਧੀ ਧਿਰ ਦੇ ਆਗੂ ਪੀਟਰ ਡੁਟੋਨ ਨੇ ਨੈਸ਼ਨਲ ਸੰਸਦ ਮੈਂਬਰਾਂ ਇੱਕ ਮੀਟਿੰਗ ਸੱਦੀ ਹੈ। ਹਾਲਾਂਕਿ ਜੋਈਸ ਦੇ ਇਸ ਮੀਟਿੰਗ ’ਚ ਸ਼ਾਮਲ ਹੋਣ ਦੀ ਉਮੀਦ ਨਹੀਂ ਹੈ। ਉਨ੍ਹਾਂ ਨੂੰ ਡੁਟੋਨ ਨੇ ਇਸੇ ਹਫ਼ਤੇ ਬਾਅਦ ’ਚ ਸਵਾਲ-ਜਵਾਬ ਲਈ ਸੱਦਿਆ ਹੈ।

ਜੋਈਸ ਨੇ ਆਪਣੇ ਬਿਆਨ ’ਚ ਕਿਹਾ ਹੈ ਇਹ ਸ਼ਰਮਨਾਕ ਘਟਨਾ ਇਸ ਕਾਰਨ ਵਾਪਰੀ ਕਿਉਂਕਿ ਉਨ੍ਹਾਂ ਨੇ ਆਪਣੀਆਂ ਦਵਾਈਆਂ ਦੇ ਨਾਲ ਸ਼ਰਾਬ ਪੀ ਲਈ ਸੀ। ਉਨ੍ਹਾਂ ਇੱਕ ਬਿਆਨ ’ਚ ਕਿਹਾ, ‘‘ਡਾਕਟਰ ਨੇ ਮੈਨੂੰ ਦਵਾਈਆਂ ਲਿਖੀਆਂ ਹਨ। ਇਨ੍ਹਾਂ ’ਤੇ ਸਾਫ਼ ਲਿਖਿਆ ਸੀ ਕਿ ਜੇਕਰ ਇਨ੍ਹਾਂ ਨਾਲ ਸ਼ਰਾਬ ਪੀ ਲਈ ਜਾਵੇ ਤਾਂ ਕੀ ਹਾਲਤ ਹੋ ਸਕਦੀ ਹੈ। ਉਹ 100 ਫ਼ੀ ਸਦੀ ਸਹੀ ਸਾਬਤ ਹੋਈਆਂ।’’ ਉਨ੍ਹਾਂ ਕਿਹਾ ਕਿ ਉਹ ਘਟਨਾ ਸਮੇਂ ਸੰਸਦ ਤੋਂ ਬਾਹਰ ਆਉਣ ਮਗਰੋਂ ਆਪਣੇ ਘਰ ਜਾ ਰਹੇ ਸਨ ਜਦੋਂ ਉਨ੍ਹਾਂ ਦਾ ਪੈਰ ਇੱਕ ਗਮਲੇ ’ਚ ਲੱਗਾ ਅਤੇ ਉਹ ਡਿੱਗ ਪਏ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਪਤਾ ਹੁੰਦਾ ਕਿ ਕੋਈ ਉਨ੍ਹਾਂ ਦਾ ਵੀਡੀਓ ਬਣਾ ਰਿਹਾ ਹੈ ਤਾਂ ਉਹ ਛੇਤੀ ਉੱਠ ਪੈਂਦੇ। ਘਟਨਾ ਬਾਰੇ ਬੋਲਦਿਆਂ ਜੋਈਸ ਦੀ ਪਤਨੀ ਨੇ ਸਵਾਲ ਕੀਤਾ ਕਿ ਵੀਡੀਓ ਬਣਾਉਣ ਵਾਲਾ ਉਸ ਦੀ ਮਦਦ ਕਰਨ ਦੀ ਬਜਾਏ ਵੀਡੀਓ ਕਿਉਂ ਬਣਾ ਰਿਹਾ ਸੀ!

Leave a Comment