ਮੈਲਬਰਨ: ਆਸਟ੍ਰੇਲੀਆਈ ਕੌਂਸਲ ਆਫ ਸੋਸ਼ਲ ਸਰਵਿਸ (ACOSS) ਨੇ ਨੌਕਰੀ ਲੱਭਣ ਰਹੇ ਲੋਕਾਂ ਲਈ ਅਤੇ ਹੋਰ ਸਬੰਧਤ ਸਰਕਾਰੀ ਭੁਗਤਾਨਾਂ ਵਿੱਚ ਤੁਰੰਤ ਵਾਧਾ ਕਰਨ ਦੀ ਮੰਗ ਕੀਤੀ ਹੈ।
ACOSS ਦੀ CEO ਕੈਸੈਂਡਰਾ ਗੋਲਡੀ ਨੇ ਕਿਹਾ ਹੈ ਕਿ ਹਾਲਾਂਕਿ ਸਰਕਾਰ ਨੇ ਪਿੱਛੇ ਜਿਹੇ ਅਗਲੇ ਪੰਜ ਸਾਲਾਂ ਦੌਰਾਨ ਰਹਿਣ-ਸਹਿਣ ਦੀ ਲਾਗਤ ਸਹਾਇਤਾ ਸੇਵਾਵਾਂ ਲਈ ਵਾਧੂ 115 ਮਿਲੀਅਨ ਡਾਲਰ ਦੀ ਫੰਡਿੰਗ ਦਾ ਐਲਾਨ ਕੀਤਾ ਸੀ ਪਰ ਇਸ ਫੰਡਿੰਗ ਨਾਲ ਸਭ ਤੋਂ ਘੱਟ ਆਮਦਨ ਵਾਲੇ ਲੋਕਾਂ ਨੂੰ ਲੋੜੀਂਦੀ ਮਦਦ ਨਹੀਂ ਮਿਲ ਸਕੇਗੀ। ਉਨ੍ਹਾਂ ਕਿਹਾ ਕਿ ਫ਼ੰਡਿਗ ਭਾਵੇਂ ਐਮਰਜੈਂਸੀ ਰਾਹਤ ਸੰਗਠਨਾਂ, ਵਿੱਤੀ ਸਲਾਹ-ਮਸ਼ਵਰੇ ਅਤੇ ਹੋਰ ਮੁਸ਼ਕਲ ਸੇਵਾਵਾਂ ਨੂੰ ਲਾਭ ਪਹੁੰਚਾਏਗੀ, ਪਰ ਜੋ ਲੋਕ ਟੈਕਸ ਹੱਦ ਤੋਂ ਹੇਠਾਂ ਹਨ ਅਤੇ ਕੋਈ ਆਮਦਨ ਟੈਕਸ ਅਦਾ ਨਹੀਂ ਕਰਦੇ ਉਨ੍ਹਾਂ ਨੂੰ ਇਸ ਦਾ ਕੋਈ ਲਾਭ ਨਹੀਂ ਮਿਲੇਗਾ।
ਗੋਲਡੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਨੌਕਰੀ ਲੱਭ ਰਹੇ ਲੋਕ ਲਈ ਅਤੇ ਹੋਰ ਸਬੰਧਤ ਭੁਗਤਾਨਾਂ ਦੀ ਦਰ ਨੂੰ ਵਧਾ ਕੇ ਘੱਟੋ-ਘੱਟ 78 ਡਾਲਰ ਪ੍ਰਤੀ ਦਿਨ ਕਰੇ। ਉਨ੍ਹਾਂ ਇਸ ਗੱਲ ਦੀ ਭਰਵੀਂ ਨਿੰਦਾ ਕੀਤੀ ਕਿ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਵਿਚੋਂ ਇਕ ਲਈ ਘੱਟ ਆਮਦਨ ਵਾਲੇ ਲੋਕਾਂ ਨੂੰ ਗਰੀਬੀ ਵਲ ਧੱਕਣਾ ਜਾਰੀ ਰੱਖਣਾ ਗਲਤ ਹੈ। ਗੋਲਡੀ ਨੇ ਕਿਹਾ ਕਿ ਆਮਦਨ ਸਹਾਇਤਾ ਭੁਗਤਾਨ ਪ੍ਰਾਪਤ ਕਰਨ ਵਾਲੇ ਲੋਕ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ ਅਤੇ ਤੰਬੂਆਂ ਵਿੱਚ ਸੌਣ, ਖਾਣਾ ਛੱਡਣ ਅਤੇ ਜ਼ਰੂਰੀ ਦਵਾਈਆਂ ਤੋਂ ਬਿਨਾਂ ਜੀਣ ਲਈ ਮਜਬੂਰ ਹਨ।