ਜਾਣੋ ਕੌਣ ਨੇ ਰਿਕਾਰਡ 20 ਕਰੋੜ ਡਾਲਰ ਦਾ ਪਾਵਰਬਾਲ ਜੈਕਪਾਟ ਜਿੱਤਣ ਵਾਲੇ ਖ਼ੁਸ਼ਕਿਸਮਤ

ਮੈਲਬਰਨ: ਰਿਕਾਰਡ 20 ਕਰੋੜ ਡਾਲਰ ਦੇ ਪਾਵਰਬਾਲ ਜੈਕਪਾਟ ਨੰਬਰਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਦੋ ਟਿਕਟਾਂ ਨੇ ਇਹ ਚਿਰਉਡੀਕਵੀਂ ਲਾਟਰੀ ਜਿੱਤ ਲਈ ਹੈ। ਇਕ ਟਿਕਟ ਸਿੰਗਲਟਨ, NSW ਰਹਿੰਦੇ ਇਕ ਵਿਆਹੁਤਾ ਜੋੜੇ ਦੀ ਸੀ ਅਤੇ ਦੂਜੀ ਕੁਈਨਜ਼ਲੈਂਡ ਵਿਚ ਇਕ ਅਣਪਛਾਤੇ ਵਿਅਕਤੀ ਨੇ ਖਰੀਦੀ ਸੀ। ਲਾਟਰੀ ਜਿੱਤਣ ਤੋਂ ਬਾਅਦ ਸਿੰਗਲਟਨ ਦੀ ਔਰਤ ਆਪਣੀ ਨੌਕਰੀ ਛੱਡਣ ਦੀ ਯੋਜਨਾ ਬਣਾ ਰਹੀ ਹੈ, ਜਦੋਂ ਕਿ ਉਸ ਦੇ ਪਤੀ ਦੀ ਯੋਜਨਾ ਆਪਣਾ ਕੰਮ ਕਰਨਾ ਜਾਰੀ ਰੱਖਣ ਦੀ ਹੈ ਕਿਉਂਕਿ ਉਸ ਨੂੰ ਇਹ ਕੰਮ ਪਸੰਦ ਹੈ। ਹਾਲਾਂਕਿ ਲਾਟਰੀ ਜਿੱਤਣ ਦਾ ਜਸ਼ਨ ਮਨਾਉਣ ਲਈ ਦੋਵੇਂ ਛੁੱਟੀਆਂ ਲੈ ਕੇ ਵਿਦੇਸ਼ ਦੀ ਸੈਰ ’ਤੇ ਜਾਣ ਦੀ ਯੋਜਨਾ ਬਣਾ ਰਹੇ ਹਨ।

ਜਦਕਿ ਕੁਈਨਜ਼ਲੈਂਡ ਦਾ ਜੇਤੂ ਬ੍ਰਿਸਬੇਨ ਦੇ  ਸਬਅਰਬ ਹਾਥਰੋਨ ’ਚ ਰਹਿਣ ਵਾਲੀ ਇੱਕ ਔਰਤ ਹੈ। ਉਸ ਦਾ ਨੰਬਰ ਲਾਟਰੀ ਦਫ਼ਤਰ ਨਾਲ ਰਜਿਸਟਰਡ ਨਹੀਂ ਸੀ ਜਿਸ ਕਾਰਨ ਉਸ ਨਾਲ ਇਕਦਮ ਸੰਪਰਕ ਨਹੀਂ ਹੋ ਸਕਿਆ ਪਰ ਉਸ ਨੂੰ ਆਪਣੀ ਜਿੱਤ ਦਾ 10 ਘੰਟੇ ਬਾਅਦ ਪਤਾ ਲੱਗਾ ਜਦੋਂ ਉਸ ਨੇ ਫ਼ੋਨ ਕਰ ਕੇ ਪੁੱਛਿਆ, ‘‘ਹਾਏ ਰੱਬਾ, ਕੀ ਇਹ ਸੱਚ ਹੈ?’’ ਉਸ ਨੇ ਕਿਹਾ ਕਿ ਇਹ ਸੁਪਨਾ ਸੱਚ ਹੋਣ ਵਰਗਾ ਹੈ। ਉਸ ਨੇ ਕਿਹਾ ਕਿ ਭਾਵੇਂ ਉਹ ਏਨੀ ਅਮੀਰ ਹੋ ਗਈ ਹੈ ਪਰ ਉਹ ਕੰਮ ਕਰਨਾ ਜਾਰੀ ਰੱਖੇਗੀ ਕਿਉਂਕਿ ਉਸ ਨੇ ਇੱਥੇ ਤਕ ਪਹੁੰਚਣ ਪਹੁੰਚਣ ਲਈ ਕਾਫ਼ੀ ਸਖ਼ਤ ਪੜ੍ਹਾਈ ਕੀਤੀ ਹੈ। ਉਸ ਦੀ ਅਗਲੀ ਯੋਜਨਾ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਹੈ ਪਰ ਏਨੇ ਪੈਸਿਆਂ ਨਾਲ ਉਸ ਦੀ ਸ਼ਖ਼ਸੀਅਤ ਨਹੀਂ ਬਦਲੇਗੀ।

1 ਫਰਵਰੀ ਨੂੰ ਡਰਾਅ ਲਈ ਜੇਤੂ ਅੰਕ 12, 33, 23, 35, 1, 26 ਅਤੇ 32 ਸੀ, ਜਿਸ ਵਿੱਚ ਪਾਵਰਬਾਲ 10 ਸੀ। ਡਿਵੀਜ਼ਨ ਦੋ ਇਨਾਮ ਦੇ 22 ਜੇਤੂ ਸਨ, ਹਰੇਕ ਨੇ 177,000 ਡਾਲਰ ਤੋਂ ਵੱਧ ਦਾ ਇਨਾਮ ਜਿੱਤਿਆ। ਇਹ ਜੈਕਪਾਟ ਆਸਟਰੇਲੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਸੀ, ਜਿਸ ਨੇ 2022 ਵਿੱਚ 16 ਕਰੋੜ ਡਾਲਰ ਦੇ ਪਿਛਲੇ ਰਿਕਾਰਡ ਨੂੰ ਪਾਰ ਕਰ ਦਿੱਤਾ ਸੀ।

Leave a Comment