ਆਸਟ੍ਰੇਲੀਆ ’ਚ ਲਗਾਤਾਰ 12ਵੇਂ ਮਹੀਨੇ ਵਧੀਆਂ ਮਕਾਨਾਂ ਦੀਆਂ ਕੀਮਤਾਂ, ਮੈਲਬਰਨ ਸਮੇਤ ਤਿੰਨ ਵੱਡੇ ਸ਼ਹਿਰਾਂ ’ਚ ਘਟੀਆਂ

ਮੈਲਬਰਨ: ਕਿਰਾਏਦਾਰਾਂ ਅਤੇ ਪ੍ਰਵਾਸੀਆਂ ਵੱਲੋਂ ਮਕਾਨਾਂ ਖ਼ਰੀਦਣ ਦੀਆਂ ਲਗਾਤਾਰ ਕੋਸ਼ਿਸ਼ਾਂ ਵਿਚਕਾਰ ਪੂਰੇ ਦੇਸ਼ ਅੰਦਰ ਮਕਾਨਾਂ ਦੀਆਂ ਕੀਮਤਾਂ ਵਧਣਾ ਜਾਰੀ ਹੈ ਅਤੇ ਖ਼ਰੀਦਦਾਰਾਂ ’ਚ ਇਸ ਸਾਲ ਦੇ ਅੰਤ ਤਕ ਵਿਆਜ ਰੇਟ ’ਚ ਕਟੌਤੀ ਤੋਂ ਪਹਿਲਾਂ ਮਕਾਨ ਖ਼ਰੀਦ ਦੀ ਦੌੜ ਹੈ।

ਕੋਰਲੋਜਿਕ ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਜਨਵਰੀ ਮਹੀਨੇ ’ਚ ਮਕਾਨਾਂ ਦੀਆਂ ਕੀਮਤਾਂ ’ਚ ਲਗਾਤਾਰ 12ਵੇਂ ਮਹੀਨੇ ਔਸਤ 0.4 ਫ਼ੀਸਦੀ ਦਾ ਵਾਧਾ ਹੋਇਆ ਜੋ ਦਸੰਬਰ ’ਚ 0.3 ਫ਼ੀਸਦੀ ਸੀ। ਸਭ ਤੋਂ ਵੱਧ ਵਾਧਾ ਪਰਥ (+1.6 ਫ਼ੀਸਦੀ) ਦਰਜ ਕੀਤਾ ਗਿਆ ਜਿਸ ਤੋਂ ਬਾਅਦ ਐਡੀਲੇਡ (+1.1 ਫ਼ੀਸਦੀ) ਅਤੇ ਬ੍ਰਿਸਬੇਨ (+1 ਫ਼ੀਸਦੀ) ਰਹੇ। ਸਿਡਨੀ ’ਚ ਮਾਮੂਲੀ +0.2 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਜਦਕਿ ਮੈਲਬਰਨ, ਕੈਨਬਰਾ ਅਤੇ ਹੋਬਾਰਟ ’ਚ ਕੀਮਤਾਂ ਲੜੀਵਾਰ -0.1 ਫ਼ੀਸਦੀ, -0.2 ਫ਼ੀਸਦੀ ਅਤੇ -0.7 ਫ਼ੀਸਦੀ ਘਟੀਆਂ।

ਇਸ ਵਾਧੇ ਤੋਂ ਬਾਅਦ ਆਸਟ੍ਰੇਲੀਆ ’ਚ ਘਰ ਦੀ ਔਸਤ ਕੀਮਤ ਹੁਣ 759,437 ਡਾਲਰ ਹੋ ਗਈ ਹੈ। ਸਿਡਨੀ ’ਚ ਇਹ 11.2 ਲੱਖ ਡਾਲਰ, ਬ੍ਰਿਸਬੇਨ ’ਚ 796,818 ਡਾਲਰ ਅਤੇ ਮੈਲਬਰਨ ’ਚ 777,250 ਡਾਲਰ ਹੋ ਗਈ ਹੈ। ਇਹੀ ਨਹੀਂ ਮਕਾਨਾਂ ਦੇ ਕਿਰਾਏ ਵੀ ਲਗਾਤਾਰ ਵਧ ਰਹੇ ਹਨ ਅਤੇ ਜਨਵਰੀ ’ਚ ਪਿਛਲੇ ਸਾਲ ਅਪ੍ਰੈਲ ਤੋਂ ਬਾਅਦ 0.8 ਫ਼ੀਸਦੀ ਦਾ ਸਭ ਤੋਂ ਵੱਡਾ ਵਾਧਾ ਦਰਜ ਕੀਤਾ ਗਿਆ।

Leave a Comment