ਮੈਲਬਰਨ: ਆਸਟ੍ਰੇਲੀਆ ਦੇ ਸਭ ਤੋਂ ਭਿਆਨਕ ਲੜੀਵਾਰ ਕਤਲਾਂ ਵਿਚੋਂ ਇਕ ਨੂੰ ਲੁਕਾਉਣ ਵਿਚ ਮਦਦ ਕਰਨ ਦੇ ਦੋਸ਼ ਹੇਠ ਜੇਲ ਵਿਚ ਬੰਦ ਮਾਰਕ ਰੇ ਹੇਡਨ ਨੂੰ 25 ਸਾਲ ਜੇਲ੍ਹ ਵਿਚ ਰਹਿਣ ਤੋਂ ਬਾਅਦ ਕੁਝ ਮਹੀਨਿਆਂ ਦੇ ਅੰਦਰ ਰਿਹਾਅ ਕੀਤਾ ਜਾਵੇਗਾ। ਪੈਰੋਲ ਬੋਰਡ ਨੇ ਕਿਹਾ ਕਿ ਉਸ ਦਾ ਜੇਲ੍ਹ ਦੇ ਅੰਦਰ ਸਲੂਕ ਠੀਕ ਰਿਹਾ ਹੈ, ਉਸ ਦੀ ਕੰਮ ਕਰਨ ਦੀ ਨੈਤਿਕਤਾ ਚੰਗੀ ਹੈ, ਉਹ ਆਪਣੇ ਜੁਰਮ ਨੂੰ ਸਵੀਕਾਰ ਕਰਦਾ ਹੈ, ਉਸ ਨੂੰ ਪਛਤਾਵਾ ਹੈ ਜਿਸ ਲਈ ਉਸ ਦੀ ਸਿਫਾਰਸ਼ ਕੀਤੀ ਗਈ ਹੈ।
ਹਾਲਾਂਕਿ ਹੇਡਨ ਨੂੰ ਕਿਸੇ ਵੀ ਕਤਲ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ ਸੀ, ਪਰ ਉਸ ਨੂੰ ਆਪਣੀ ਪਤਨੀ ਐਲਿਜ਼ਾਬੈਥ ਹੇਡਨ ਸਮੇਤ ਸੱਤ ਪੀੜਤਾਂ ਦੀ ਮੌਤ ਨੂੰ ਲੁਕਾਉਣ ਵਿੱਚ ਮਦਦ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਸੀ। 1999 ’ਚ 11 ਲੋਕਾਂ ਦੇ ਕਤਲ ਕੇਸ ’ਚ ਹੇਡਨ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੀਆਂ ਲਾਸ਼ਾਂ ਐਡੀਲੇਡ ਤੋਂ 150 ਕਿਲੋਮੀਟਰ ਦੂਰ ਤੇਜ਼ਾਬ ਨਾਲ ਭਰੇ ਬੈਰਲਾਂ ’ਚ ਮਿਲੀਆਂ ਸਨ। ਹੇਡਨ ਨੇ 2017 ਅਤੇ ਫਿਰ 2021 ਵਿੱਚ ਪੈਰੋਲ ਲਈ ਅਰਜ਼ੀ ਦਿੱਤੀ ਸੀ। ਹੁਣ 65 ਸਾਲ ਦੇ ਹੋ ਚੁੱਕੇ ਹੇਡਨ ਨੂੰ ਬਿਨਾਂ ਕਿਸੇ ਪਾਬੰਦੀ ਜਾਂ ਨਿਗਰਾਨੀ ਦੇ ਮਈ ਦੇ ਸ਼ੁਰੂ ‘ਚ ਰਿਹਾਅ ਕੀਤੇ ਜਾਣ ਦੀ ਉਮੀਦ ਹੈ, ਜਿਸ ਨਾਲ ਪੀੜਤ ਪਰਿਵਾਰਾਂ ‘ਚ ਚਿੰਤਾ ਪੈਦਾ ਹੋ ਗਈ ਹੈ।
ਪੈਰੋਲ ਬੋਰਡ ਦੇ ਪ੍ਰੀਜ਼ਾਈਡਿੰਗ ਮੈਂਬਰ ਫਰਾਂਸਿਸ ਨੈਲਸਨ ਕੇਸੀ ਨੇ ਪੁਸ਼ਟੀ ਕੀਤੀ ਕਿ ਮਈ ਵਿਚ ਹੇਡਨ ਦੀ ਰਿਹਾਈ ਲਗਭਗ ਨਿਸ਼ਚਿਤ ਹੈ। ਸਾਊਥ ਆਸਟ੍ਰੇਲੀਆ ਦੇ ਅਟਾਰਨੀ ਜਨਰਲ ਕਯਾਮ ਮਾਹੇਰ ਨੇ ਕਿਹਾ ਕਿ ਸਰਕਾਰ ਇਸ ਬਾਰੇ ਸਲਾਹ ਮੰਗ ਰਹੀ ਹੈ ਕਿ ਕੀ ਹੇਡਨ ਨੂੰ 2015 ਵਿਚ ਸ਼ੁਰੂ ਕੀਤੀ ਗਈ ਉੱਚ ਜੋਖਮ ਵਾਲੀ ਅਪਰਾਧੀ ਯੋਜਨਾ ਲਈ ਵਿਚਾਰਿਆ ਜਾ ਸਕਦਾ ਹੈ।