ਮੈਲਬਰਨ: ਆਸਟ੍ਰੇਲੀਆ ਨੇ ਆਪਣੇ ‘ਗੋਲਡਨ ਵੀਜ਼ਾ’ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ ਹੈ, ਜਿਸ ਨਾਲ ਅਮੀਰ ਵਿਦੇਸ਼ੀ ਨਿਵੇਸ਼ਕਾਂ ਨੂੰ ਦੇਸ਼ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ। ਸਰਕਾਰ ਨੇ ਪਾਇਆ ਕਿ ਪ੍ਰੋਗਰਾਮ ਮਾੜੇ ਆਰਥਿਕ ਨਤੀਜੇ ਦੇ ਰਿਹਾ ਸੀ, ਜਿਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ।
‘ਗੋਲਡਨ ਵੀਜ਼ਾ’ ਸਕੀਮ ਅਧੀਨ ਉਮੀਦਵਾਰਾਂ ਨੂੰ ਆਸਟ੍ਰੇਲੀਆ ਦਾ ਨਾਗਰਿਕ ਬਣਨ ਲਈ 50 ਲੱਖ ਡਾਲਰ ਤੋਂ ਵੱਧ ਦਾ ਨਿਵੇਸ਼ ਕਰਨ ਦੀ ਲੋੜ ਸੀ। ਪਰ ਯੋਜਨਾ ਦੀ ਵਰਤੋਂ ਭ੍ਰਿਸ਼ਟ ਅਧਿਕਾਰੀਆਂ ਵੱਲੋਂ ਗੈਰਕਾਨੂੰਨੀ ਫੰਡਾਂ ਨੂੰ ਖਪਾਉਣ ਲਈ ਕੀਤੇ ਜਾਣ ਕਾਰਨ ਇਹ ਆਲੋਚਨਾ ਦਾ ਕਾਰਨ ਬਣ ਗਈ ਸੀ। ਸੰਭਾਵਿਤ ਕਾਲੇ ਧਨ ਨੂੰ ਚਿੱਟਾ ਕਰਨ ਅਤੇ ਹੋਰ ਗੈਰਕਾਨੂੰਨੀ ਗਤੀਵਿਧੀਆਂ ਲਈ ਵੀ ਇਹ ਜਾਂਚ ਅਧੀਨ ਰਹੀ।
ਹੁਣ ਇਸ ਦੀ ਥਾਂ ਵਧੇਰੇ ਸਕਿੱਲਡ-ਵਰਕਰ ਵੀਜ਼ਾ ਲਵੇਗਾ। ਇਸ ਵੇਲੇ ਸਰਕਾਰ ਸਕਿੱਲਡ ਪ੍ਰਵਾਸੀਆਂ ਲਈ ਵਧੇਰੇ ਵੀਜ਼ਾ ਬਣਾਉਣ ‘ਤੇ ਧਿਆਨ ਕੇਂਦਰਿਤ ਕਰਨ ਦੀ ਯੋਜਨਾ ਬਣਾ ਰਹੀ ਹੈ ਜੋ ਆਸਟ੍ਰੇਲੀਆ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ।
ਆਸਟ੍ਰੇਲੀਆ ਦਾ ਇਹ ਫੈਸਲਾ ਬ੍ਰਿਟੇਨ ਦੇ 2022 ਵਿਚ ਗੈਰਕਾਨੂੰਨੀ ਰੂਸੀ ਧਨ ਦੇ ਪ੍ਰਵਾਹ ਬਾਰੇ ਚਿੰਤਾਵਾਂ ਦੇ ਕਾਰਨ ਇਸੇ ਤਰ੍ਹਾਂ ਦੀ ਯੋਜਨਾ ਨੂੰ ਖਤਮ ਕਰਨ ਦੇ ਕਦਮ ਤੋਂ ਬਾਅਦ ਆਇਆ ਹੈ। ਮਾਲਟਾ ਵਰਗੇ ਹੋਰ ਦੇਸ਼ਾਂ ਵਿੱਚ ਗੋਲਡਨ ਵੀਜ਼ਾ ਸਕੀਮਾਂ ਦੀ ਵੀ ਮਨੀ ਲਾਂਡਰਿੰਗ, ਟੈਕਸ ਚੋਰੀ ਅਤੇ ਭ੍ਰਿਸ਼ਟਾਚਾਰ ਦੇ ਜੋਖਮਾਂ ਲਈ ਜਾਂਚ ਕੀਤੀ ਗਈ ਹੈ।