ਮੈਲਬਰਨ: ਨਿਊਜ਼ੀਲੈਂਡ ਦੇ ਅਲੈਗਜ਼ਾਂਡਰਾ ਸਥਿਤ ਕਰਿਟੇਰੀਅਨ ਕਲੱਬ ’ਚ ਇੱਕ ਪ੍ਰਵਾਸੀ ਕੁੜੀ (ਜਿਸ ਨੇ ਆਪਣਾ ਨਾਂ ਗੁਪਤ ਰੱਖਣ ਦੀ ਬੇਨਤੀ ਕੀਤੀ ਹੈ) ਨੂੰ ‘ਜੇਲ੍ਹ ਵਰਗੇ ਹਾਲਾਤ’ ’ਚ ਰੱਖਣ ਲਈ ਪੰਜਾਬੀ ਮੂਲ ਦੇ ਕੁਲਜਿੰਦਰ ਸਿੰਘ ਸਿੱਧੂ ’ਤੇ 12 ਹਜ਼ਾਰ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਰੁਜ਼ਗਾਰ ਸਬੰਧ ਅਥਾਰਟੀ ਨੇ ਸਿੱਧੂ ਵੱਲੋਂ ਚਲਾਈ ਜਾਂਦੀ ਕੰਪਨੀ 4S ਹਾਸਪਿਟੈਲਿਟੀ ਲਿਮਟਿਡ ਨੂੰ ਵੀ ਜੂਨ 2019 ਅਤੇ ਫਰਵਰੀ 2020 ਦੇ ਵਿਚਕਾਰ ਮਾਪਦੰਡਾਂ ਦੀਆਂ ਕਈ ਉਲੰਘਣਾਵਾਂ ਲਈ ਸ਼ਿਕਾਇਤਕਰਤਾ ਨੂੰ 34,270 ਡਾਲਰ ਦੀ ਤਨਖ਼ਾਹ, ਬਕਾਇਆ, ਵਿਆਜ ਅਤੇ ਜੁਰਮਾਨੇ ਵਜੋਂ ਅਦਾ ਕਰਨ ਦਾ ਹੁਕਮ ਦਿੱਤਾ ਹੈ।
ਪ੍ਰਵਾਸੀ ਕੁੜੀ ਨੇ ਦੋਸ਼ ਲਗਾਇਆ ਹੈ ਕਿ ਉਹ ਕਲੱਬ ’ਚ ਆਪਣੇ ਪਤੀ ਨਾਲ ਇੱਕ ਰੁਜ਼ਗਾਰ ਕਰਾਰ ਹੇਠ ਰਹਿ ਰਹੀ ਸੀ ਅਤੇ ਜੇ ਉਸ ਨੇ ਅਸਤੀਫ਼ਾ ਦੇ ਦਿੱਤਾ ਹੁੰਦਾ ਤਾਂ ਉਸ ਕੋਲ ਰਹਿਣ ਲਈ ਕੋਈ ਥਾਂ ਨਹੀਂ ਰਹਿਣੀ ਸੀ। ਉਸ ਨੂੰ ਹਫ਼ਤੇ ’ਚ 60-60 ਘੰਟੇ ਕੰਮ ਕਰਨਾ ਪੈਂਦਾ ਸੀ ਪਰ ਸਿਰਫ਼ 30 ਘੰਟਿਆਂ ਦੇ ਕੰਮ ਲਈ ਤਨਖ਼ਾਹ ਮਿਲਦੀ ਸੀ। ਅਖ਼ੀਰ ਉਸ ਨੂੰ ਅਸਤੀਫ਼ਾ ਦੇ ਕੇ ਲੇਬਰ ਇੰਸਪੈਕਟੋਰੇਟ ਕੋਲ ਅਪੀਲ ਕਰਨ ਲਈ ਮਜਬੂਰ ਹੋਣਾ ਪਿਆ।
ਉਸ ਨੇ ਅਦਾਲਤ ਨੂੰ ਕਿਹਾ ਕਿ ਉਹ ਕਦੀ ਜੇਲ੍ਹ ਤਾਂ ਨਹੀਂ ਗਈ ਪਰ ਇੱਥੇ ਕੰਮ ਕਰਨ ਦੇ ਹਾਲਾਤ ਇਸ ਤਰ੍ਹਾਂ ਦੇ ਸਨ ਜਿਵੇਂ ਉਹ ਜੇਲ੍ਹ ’ਚ ਹੋਵੇ। ਉਸ ਨੇ ਕਿਹਾ, ‘‘ਮੇਰੇ ਕੰਮ ਕਰਨ ਦੇ ਹਾਲਾਤ ਨੇ ਮੇਰੀ ਪ੍ਰਵਾਰਕ ਅਤੇ ਸਮਾਜਕ ਜ਼ਿੰਦਗੀ ’ਤੇ ਬਹੁਤ ਬੁਰਾ ਅਸਰ ਪਾਇਆ। ਮੈਂ ਕਿਸੇ ਨਾਲ ਗੱਲ ਵੀ ਨਹੀਂ ਕਰਨਾ ਚਾਹੁੰਦੀ। ਮੈਂ ਬਹੁਤ ਉਦਾਸ ਹਾਂ।’’