ਮੈਲਬਰਨ: ਮੈਲਬਰਨ ਦੇ ਪੱਛਮ ’ਚ ਸਥਿਤ ਪੁਆਇੰਟ ਕੁੱਕ ਨਾਂ ਦੀ ਇੱਕ ਹੋਰ ਦੁਕਾਨ ’ਚ ਅੱਜ ਸਵੇਰੇ ਅੱਗ ਲੱਗ ਗਈ। ਮਰਨੋਂਗ ਸਟ੍ਰੀਟ ਦੇ ਸਟੌਕਲੈਂਡ ਸ਼ਾਪਿੰਗ ਕੰਪਲੈਕਸ ’ਚ ਸਥਿਤ ਦੁਕਾਨ ਬਾਹਰ ਪੁੱਜੀ ਫ਼ਾਇਰ ਰੈਸਕਿਊ ਵਿਕਟੋਰੀਆ (FRV) ਨੇ ਦਸਿਆ ਕਿ ਜਦੋਂ ਉਨ੍ਹਾਂ ਦੀ ਟੀਮ 5:56 ਵਜੇ ਅੱਗ ਬੁਝਾਉਣ ਲਈ ਪੁੱਜੀ ਤਾਂ ਦੁਕਾਨ ਦੀ ਖਿੜਕੀ ਦਾ ਸ਼ੀਸ਼ਾ ਟੁੱਟਾ ਹੋਇਆ ਸੀ ਜਿਸ ਕੋਲ ਛੋਟਾ ਲਾਲ ਜੈਰੀ ਦਾ ਜਾਰ ਡਿੱਗਾ ਸੀ। 20 ਮਿੰਟਾਂ ਅੰਦਰ ਅੱਗ ਨੂੰ ਬੁਝਾ ਦਿੱਤਾ ਗਿਆ ਅਤੇ ਦੁਕਾਨ ਨੂੰ ਬਹੁਤਾ ਨੁਕਸਾਨ ਨਹੀਂ ਪੁੱਜਾ। ਇਸ ਅੱਗ ਨੂੰ ਸ਼ੱਕੀ ਮੰਨ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਪਰ ਅਜੇ ਤਕ ਪੱਕਾ ਨਹੀਂ ਹੈ ਕਿ ਇਹ ਅੱਗ ਮੈਲਬਰਨ ’ਚ ਸਰਗਰਮ ਸੰਗਠਤ ਅਪਰਾਧ ਦੇ ਗਰੁੱਪਾਂ ਵਿਚਕਾਰ ਚਲ ਰਹੀ ਲੜਾਈ ਦਾ ਹਿੱਸਾ ਹੈ ਜਾਂ ਨਹੀਂ।
ਗੈਰ-ਕਾਨੂੰਨੀ ਤੰਬਾਕੂ ਦਾ ਬਾਜ਼ਾਰ ਤੇਜ਼ੀ ਨਾਲ ਲਾਭਦਾਇਕ ਬਣ ਗਿਆ ਹੈ। ਪੁਲਿਸ ਦਾ ਦੋਸ਼ ਹੈ ਕਿ ਮਿਡਲ ਈਸਟ ਸੰਗਠਿਤ ਅਪਰਾਧ ਸਮੂਹਾਂ ਅਤੇ ਗੈਰ-ਕਾਨੂੰਨੀ ਮੋਟਰਸਾਈਕਲ ਗੈਂਗਾਂ ਤੋਂ ਬਣੇ ਸਿੰਡੀਕੇਟ ਜ਼ਿਆਦਾਤਰ ਅਪਰਾਧਾਂ ਨੂੰ ਅੰਜਾਮ ਦੇਣ ਲਈ ਛੋਟੇ ਅਪਰਾਧੀਆਂ ਨੂੰ ਸ਼ਾਮਲ ਕਰ ਰਹੇ ਹਨ। ਵਿਕਟੋਰੀਆ ਪੁਲਿਸ ਨੇ ਅੱਗ ਅਤੇ ਸੰਗਠਿਤ ਅਪਰਾਧ ਨਾਲ ਉਨ੍ਹਾਂ ਦੇ ਸਪੱਸ਼ਟ ਸਬੰਧਾਂ ਦੀ ਜਾਂਚ ਲਈ ਟਾਸਕਫੋਰਸ ਲੂਨਰ ਦਾ ਗਠਨ ਕੀਤਾ ਹੈ। ਬੁੱਧਵਾਰ ਦੁਪਹਿਰ ਤੱਕ ਇਸ ਵਿੱਚ 29 ਅੱਗ ਲਗਾਉਣ ਦੀਆਂ ਘਟਨਾਵਾਂ ਦੀ ਜਾਂਚ ਚਲ ਰਹੀ ਹੈ। ਇਨ੍ਹਾਂ ਘਟਨਾਵਾਂ ’ਚ ਤੰਬਾਕੂ ਵੇਚਣ ਵਾਲੀਆਂ ਦੁਕਾਨਾਂ, ਕਾਰਾਂ, ਜਿਮ, ਰੈਸਟੋਰੈਂਟ ਅਤੇ ਘਰਾਂ ਵਿਚ ਅੱਗ ਲਗਾਉਣਾ ਸ਼ਾਮਲ ਹੈ।