ਮੈਲਬਰਨ: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਐਲਾਨ ਕੀਤਾ ਹੈ ਕਿ ਉਹ ਟੈਕਸਾਂ ਵਿੱਚ ਕਟੌਤੀ ਦੇ ਤੀਜੇ ਪੜਾਅ ਨੂੰ ਲਾਗੂ ਕਰਨਗੇ, ਜੋ ਸ਼ੁਰੂ ਵਿੱਚ ਸਾਬਕਾ ਗੱਠਜੋੜ ਸਰਕਾਰ ਵੱਲੋਂ 2019 ਦੇ ਫੈਡਰਲ ਬਜਟ ਵਿੱਚ ਪ੍ਰਸਤਾਵਿਤ ਕੀਤੀ ਗਈ ਸੀ। ਇਹ ਟੈਕਸ ਕਟੌਤੀ 1 ਜੁਲਾਈ ਤੋਂ ਲਾਗੂ ਹੋਣ ਜਾ ਰਹੀ ਹੈ ਅਤੇ 45,000 ਡਾਲਰ ਤੋਂ 200,000 ਡਾਲਰ ਦੇ ਵਿਚਕਾਰ ਸਾਰੇ ਕਮਾਈ ਕਰਨ ਵਾਲਿਆਂ ਲਈ 30٪ ਦੀ ਇਕੋ ਟੈਕਸ ਦਰ ਸਥਾਪਤ ਕਰੇਗੀ। ਨਤੀਜੇ ਵੱਜੋਂ ਲੱਖਾਂ ਆਸਟ੍ਰੇਲੀਆਈ ਲੋਕਾਂ ਨੂੰ ਆਪਣੇ ਟੈਕਸ ਰਿਟਰਨ ’ਚ ਕੁਝ ਮਹੀਨਿਆਂ ਅੰਦਰ ਹੀ ਅਸਰ ਵੇਖਣ ਨੂੰ ਮਿਲੇਗਾ।
ਇਸ ਕਟੌਤੀ ਦੀ ਆਲੋਚਨਾ ਅਤੇ ਮਹਿੰਗਾਈ ਤੋਂ ਨਿਜਾਤ ਲਈ ਹੋਰ ਰਾਹਤ ਉਪਾਅ ਕਰਨ ਦੀ ਮੰਗ ਦੇ ਬਾਵਜੂਦ, ਸਰਕਾਰ ਨੇ ਟੈਕਸਾਂ ’ਚ ਕਮੀ ਲਈ ਆਪਣੀ ਸਥਿਤੀ ਬਣਾਈ ਰੱਖੀ ਹੈ। ਸਰਕਾਰ ਨੇ ਰਹਿਣ-ਸਹਿਣ ਦੀ ਲਾਗਤ ਨੂੰ ਘੱਟ ਕਰਨ ਲਈ ਹੋਰ ਉਪਾਅ ਵੀ ਲਾਗੂ ਕੀਤੇ ਹਨ, ਜਿਵੇਂ ਕਿ ਸਸਤੀ ਚਾਈਲਡਕੇਅਰ, ਫੀਸ ਮੁਕਤ TAFE, ਸਸਤੀਆਂ ਦਵਾਈਆਂ ਅਤੇ ਊਰਜਾ ਕੀਮਤ ਰਾਹਤ ਯੋਜਨਾ। ਅਲਬਾਨੀਜ਼ ਨੇ ਇਹ ਵੀ ਨੋਟ ਕੀਤਾ ਕਿ ਮਹਿੰਗਾਈ ਸਹੀ ਦਿਸ਼ਾ ਵੱਲ ਵਧ ਰਹੀ ਹੈ, 4.3٪ ਤੱਕ ਡਿੱਗ ਗਈ ਹੈ, ਪਰ ਇਹ ਵੀ ਮੰਨਿਆ ਕਿ ਮਹਿੰਗਾਈ ਨਾਲ ਨਜਿੱਠਣ ਲਈ ਹੋਰ ਕੰਮ ਕਰਨ ਦੀ ਜ਼ਰੂਰਤ ਹੈ।
ਟੈਕਸ ਕਟੌਤੀ ਦੀ ਇਹ ਕਹਿ ਕੇ ਆਲੋਚਨਾ ਕੀਤੀ ਗਈ ਸੀ ਕਿ ਇਹ ਕਟੌਤੀ ਸਿਰਫ਼ ਉਨ੍ਹਾਂ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਕੀਤੀ ਗਈ ਹੈ ਜੋ ਸਾਲਾਨਾ 200,000 ਡਾਲਰ ਤੋਂ ਵੱਧ ਕਮਾਉਂਦੇ ਹਨ ਅਤੇ ਘੱਟ ਆਮਦਨ ਵਾਲੇ ਲੋਕਾਂ ਨੂੰ ਇਸ ਦਾ ਜ਼ਿਆਦਾ ਲਾਭ ਨਹੀਂ ਹੋਵੇਗਾ।