ਮੈਲਬਰਨ: ਇਨ੍ਹੀਂ ਦਿਨੀਂ ਤਿਉਹਾਰਾਂ ਮੌਕੇ ਆਨਲਾਈਨ ਗਿਫ਼ਟ ਕਾਰਡ ਦੇਣ ਦਾ ਰਿਵਾਜ ਵਧਦਾ ਜਾ ਰਿਹਾ ਹੈ। ਹਾਲਾਂਕਿ ਇਨ੍ਹਾਂ ਨੂੰ ਪ੍ਰਯੋਗ ਕਰਨ ਦਾ ਖ਼ਿਆਲ ਘੱਟ ਲੋਕਾਂ ਨੂੰ ਹੀ ਰਹਿੰਦਾ ਹੈ। ਫਾਈਂਡਰ ਦੇ ਇਕ ਸਰਵੇਖਣ ਮੁਤਾਬਕ ਆਸਟ੍ਰੇਲੀਆ ਦੇ ਲੋਕਾਂ ਕੋਲ 1.4 ਅਰਬ ਡਾਲਰ ਦੇ ਅਣਵਰਤੇ ਗਿਫਟ ਕਾਰਡ ਪਏ ਹਨ। ਅਣਵਰਤੀ ਰਕਮ ਪ੍ਰਤੀ ਵਿਅਕਤੀ ਔਸਤਨ 198 ਡਾਲਰ ਹੈ। 18٪ ਆਸਟ੍ਰੇਲੀਆਈ ਲੋਕਾਂ ਦੇ ਗਿਫਟ ਕਾਰਡ ਦੀ ਤਾਂ ਮਿਆਦ ਹੀ ਖਤਮ ਹੋ ਗਈ ਜਿਸ ਕਾਰਨ ਉਨ੍ਹਾਂ ਨੂੰ ਸੈਂਕੜੇ ਡਾਲਰਾਂ ਦਾ ਨੁਕਸਾਨ ਹੋਇਆ। ਡਿਜੀਟਲ ਯੁੱਗ ਵਿੱਚ, ਆਨਲਾਈਨ ਭੇਜੇ ਗਏ ਗਿਫਟ ਕਾਰਡ ਜਾਂ ਵਾਊਚਰ ਨੋਟੀਫਿਕੇਸ਼ਨਾਂ ਅਤੇ ਸੁਨੇਹਿਆਂ ਦੇ ਵਿਚਕਾਰ ਦੱਬ ਸਕਦੇ ਹਨ, ਜਿਸ ਨਾਲ ਰਿਟੇਲਰਾਂ ਨੂੰ ਮੁਫ਼ਤ ਦੇ ਪੈਸੇ ਮਿਲ ਜਾਂਦੇ ਹਨ। ਜੇਕਰ ਤੁਹਾਨੂੰ ਵੀ ਗਿਫ਼ਟ ਕਾਰਡ ਮਿਲਿਆ ਹੈ ਤਾਂ ਇਸ ਨੂੰ ਖ਼ਰਚ ਕਰਨ ਲਈ ਮੋਬਾਈਫ਼ ਫ਼ੋਨ ’ਚ ਰਿਮਾਇੰਡਰ ਸੈੱਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਜੇ ਤੁਹਾਡੇ ਕੋਲ ਕਿਸੇ ਸਟੋਰ ਲਈ ਗਿਫਟ ਕਾਰਡ ਹੈ ਜੋ ਤੁਹਾਨੂੰ ਪਸੰਦ ਨਹੀਂ ਹੈ, ਤਾਂ ਇਸ ਨੂੰ ਥੋੜ੍ਹੇ ਘੱਟ ਮੁੱਲ ‘ਤੇ ਆਨਲਾਈਨ ਮਾਰਕੀਟਪਲੇਸ ‘ਤੇ ਵੇਚਿਆ ਵੀ ਜਾ ਸਕਦਾ ਹੈ ਤਾਂ ਕਿ ਪੈਸੇ ਦੀ ਬਰਬਾਦੀ ਨਾ ਹੋਵੇ। ਨਵੰਬਰ 2019 ਤੋਂ ਬਾਅਦ ਖਰੀਦੇ ਗਏ ਗਿਫਟ ਕਾਰਡ ਘੱਟੋ ਘੱਟ ਤਿੰਨ ਸਾਲ ਦੀ ਮਿਆਦ ਦੇ ਨਾਲ ਆਉਣੇ ਚਾਹੀਦੇ ਹਨ।