ਮੈਲਬਰਨ: ਹਜ਼ਾਰਾਂ ਕ੍ਰੈਡਿਟ ਕਾਰਡ ਧਾਰਕ ਵਿਆਪਕ ਸਾਈਬਰ ਹਮਲੇ ਦਾ ਸ਼ਿਕਾਰ ਹੋਏ ਹਨ। ਵਿਦੇਸ਼ਾਂ ’ਚ ਸਥਿਤ ਸਾਇਬਰ ਅਪਰਾਧੀਆਂ ਨੇ ਆਸਟ੍ਰੇਲੀਆ ਦੇ ਕੁਝ ਸਭ ਤੋਂ ਮਸ਼ਹੂਰ ਫ਼ੈਸ਼ਨ, ਫ਼ਾਸਟ ਫ਼ੂਡ ਅਤੇ ਮਨੋਰੰਜਨ ਕੰਪਨੀਆਂ ਦੇ ਬ੍ਰਾਂਡਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੋਕਾਂ ਦੇ ਕ੍ਰੈਡਿਟ ਕਾਰਡਾਂ ਦੀ ਜਾਣਕਾਰੀ ਚੋਰੀ ਕਰ ਲਈ ਸੀ। ਇਸ ਨੂੰ ਕਈ ਆਸਟ੍ਰੇਲੀਆਈ ਲੋਕਾਂ ਨੇ ਆਨਲਾਈਨ ਪ੍ਰਾਪਤ ਕਰ ਲਿਆ ਅਤੇ ਦੂਜਿਆਂ ਦੇ ਕ੍ਰੈਡਿਟ ਕਾਰਡ ਰਾਹੀਂ ਆਪਣੇ ਲਈ ਸੈਂਕੜੇ ਡਾਲਰਾਂ ਦਾ ਸਾਮਾਨ ਖ਼ਰੀਦਿਆ। ਇਹੀ ਨਹੀਂ ਕਈਆਂ ਨੇ ਧੋਖਾਧੜੀ ਨਾਲ ਖ਼ਰੀਦੇ ਇਸ ਸਾਮਾਨ ਦੀਆਂ ਤਸਵੀਰਾਂ ਵੀ ਟੈਲੀਗ੍ਰਾਮ ਦੇ ਗਰੁੱਪਾਂ ’ਚ ਇਹ ਲਿਖ ਕੇ ਪੋਸਟ ਕੀਤੀਆਂ ਹਨ ਕਿ ਉਨ੍ਹਾਂ ਨੂੰ ਮੁਫ਼ਤ ’ਚ ਸਾਮਾਨ ਮਿਲ ਗਿਆ ਹੈ।
ਕਈ ਲੋਕ ਜਿਨ੍ਹਾਂ ਨੇ ਗੁਜ਼ਮੈਨ ਵਾਈ ਗੋਮੇਜ਼, ਡੈਨ ਮਰਫੀਜ਼, ਬਿੰਜ ਵੀਡੀਓ ਸਟ੍ਰੀਮਿੰਗ ਸਰਵਿਸ ਅਤੇ ਈਵੈਂਟ ਸਿਨੇਮਾ ’ਚ ਖਾਤੇ ਬਣਾਏ ਸਨ ਅਤੇ ਆਪਣੇ ਕ੍ਰੈਡਿਟ ਕਾਰਡ ਦੇ ਵੇਰਵੇ ਆਨਲਾਈਨ ਸੇਵ ਕਰ ਲਏ ਸਨ ਜਿਸ ਕਾਰਨ ਉਹ ਧੋਖਾਧੜੀ ਦੇ ਸ਼ਿਕਾਰ ਹੋਏ ਹਨ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਇਹ ਧੋਖਾਧੜੀ ਚਲ ਰਹੀ ਹੈ। ਹਾਲਾਂਕਿ ਕਈ ਕੰਪਨੀਆਂ ਨੇ ਘਪਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੀੜਤ ਲੋਕਾਂ ਨੂੰ ਉਨ੍ਹਾਂ ਦੇ ਪੈਸੇ ਮੋੜਨ ਦੀ ਪੇਸ਼ਕਸ਼ ਕੀਤੀ ਹੈ।
ਧੋਖਾਧੜੀ ਦੇ ਪੀੜਤਾਂ ’ਚ ਪ੍ਰਧਾਨ ਮੰਤਰੀ ਦਾ ਦਫ਼ਤਰ, ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਅਤੇ ਆਸਟ੍ਰੇਲੀਆ ਪੋਸਟ ਸਮੇਤ 62 ਸਰਕਾਰੀ ਦਫ਼ਤਰ ਵੀ ਸ਼ਾਮਲ ਹਨ। ਇਸ ਘਟਨਾ ਦੇ ਮੱਦੇਨਜ਼ਰ, ਆਸਟ੍ਰੇਲੀਆ ਦੇ ਪ੍ਰੀਮੀਅਰ ਐਂਥਨੀ ਅਲਬਾਨੀਜ਼ ਨੇ ਕਿਹਾ, ‘‘ਇਹ ਇਕ ਵੱਡਾ ਸੰਕਟ ਹੈ ਅਤੇ ਬਹੁਤ ਸਾਰੇ ਕਮਜ਼ੋਰ ਲੋਕਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਪੂਰੀ ਤਰ੍ਹਾਂ ਨੇਕ ਇਰਾਦੇ ਨਾਲ ਕੰਮ ਕੀਤਾ ਹੈ ਅਤੇ ਸਾਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਉਨ੍ਹਾਂ ਦੀ ਰੱਖਿਆ ਕੀਤੀ ਜਾਵੇ।’’