ਮੈਲਬਰਨ: ਨਿਊ ਸਾਊਥ ਵੇਲਜ਼ (NSW) ਦੀ ਸਰਕਾਰ ਨੇ ਹੈਲਥਕੇਅਰ ਖੇਤਰ ’ਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ 12 ਹਜ਼ਾਰ ਡਾਲਰ ਦੀ ਸਬਸਿਡੀ ਦੇਣ ਦੀ ਯੋਜਨਾ ਬਣਾਈ ਹੈ। ਇਸ ਯੋਜਨਾ ਦਾ ਮੰਤਵ NSW ’ਚ ਵੱਧ ਤੋਂ ਵੱਧ ਹੈਲਥਕੇਅਰ ਕਰਮਚਾਰੀਆਂ ਨੂੰ ਕੰਮ ਕਰਨ ਲਈ ਉਤਸ਼ਾਹਿਤ ਕਰਨਾ ਹੈ ਕਿਉਂਕਿ ਹਰ ਸਾਲ 6500 ਨਰਸਾਂ ਅਤੇ ਮਿੱਡਵਾਈਵਜ਼ NSW ਪਬਲਿਕ ਹੈਲਥ ਸੇਵਾਵਾਂ ਨੂੰ ਛੱਡ ਕੇ ਦੂਜੇ ਸਟੇਟਾਂ ਜਾਂ ਪ੍ਰਾਈਵੇਟ ਸੈਕਟਰ ’ਚ ਨੌਕਰੀ ਕਰਦੇ ਹਨ।
ਸਬਸਿਡੀ ਲਈ ਐਪਲੀਕੇਸ਼ਨ ’ਚ ਸਫਲ ਹੋਣ ਵਾਲੇ ਅਤੇ ਆਪਣੀਆਂ ਡਿਗਰੀਆਂ ਸ਼ੁਰੂ ਕਰਨ ਵਾਲੇ ਵਿਦਿਆਰਥੀਆਂ ਨੂੰ ਸਾਲਾਂ ਦੌਰਾਨ ਪ੍ਰਤੀ ਸਾਲ 4000 ਡਾਲਰ ਦੀ ਸਬਸਿਡੀ ਮਿਲੇਗੀ। ਮੌਜੂਦਾ ਵਿਦਿਆਰਥੀਆਂ ਨੂੰ 8000 ਦਾ ਇੱਕਵਾਰ ਭੁਗਤਾਨ ਪ੍ਰਾਪਤ ਹੋਵੇਗਾ, ਇਸ ਅਧਾਰ ‘ਤੇ ਕਿ ਉਹ NSW ਹੈਲਥ ਦੇ ਅੰਦਰ ਰੁਜ਼ਗਾਰ ਦੀ ਪੇਸ਼ਕਸ਼ ਸਵੀਕਾਰ ਕਰਦੇ ਹਨ ਅਤੇ NSW ਜਨਤਕ ਸਿਹਤ ਪ੍ਰਣਾਲੀ ਵਿੱਚ ਕੰਮ ਕਰਨ ਲਈ ਪੰਜ ਸਾਲ ਦਾ ਸਮਝੌਤਾ ਕਰਨ ਲਈ ਤਿਆਰ ਹਨ।
NSW ਦੇ ਪ੍ਰੀਮੀਅਰ ਕ੍ਰਿਸ ਮਿਨਸ ਨੇ ਯੋਜਨਾ ਦਾ ਐਲਾਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਲਈ ਇਸ ਬੋਨਸ ਦੀ ਸ਼ੁਰੂਆਤ ਨਾਲ ਭਵਿੱਖ ਵਿੱਚ 850 ਨਰਸਿੰਗ ਵਿਦਿਆਰਥੀ, 400 ਮੈਡੀਕਲ ਵਿਦਿਆਰਥੀ ਅਤੇ 150 ਮਿਡਵਾਈਫਰੀ ਵਿਦਿਆਰਥੀ ਹਰ ਸਾਲ ਸਬਸਿਡੀ ਪ੍ਰੋਗਰਾਮ ਵਿੱਚ ਦਾਖਲ ਹੋਣ ਦੀ ਉਮੀਦ ਹੈ। ਪੈਰਾਮੈਡੀਸਨ, ਮੂਲ ਵਾਸੀ ਸਿਹਤ, ਦੰਦਾਂ ਦੇ ਡਾਕਟਰ ਅਤੇ ਓਰਲ ਹੈਲਥ ਥੈਰੇਪੀ, ਸਾਈਕੋਲੋਜੀ, ਫਾਰਮੇਸੀ, ਫਿਜ਼ੀਓਥੈਰੇਪੀ ਅਤੇ ਮੈਡੀਕਲ ਭੌਤਿਕ ਵਿਗਿਆਨ ਦੇ ਵਿਦਿਆਰਥੀਆਂ ਲਈ ਵੀ ਸਬਸਿਡੀਆਂ ਉਪਲਬਧ ਹਨ।