ਮੈਲਬਰਨ: ਨਿਊਜ਼ੀਲੈਂਡ ਵਸਦੇ ਸੈਂਕੜੇ ਸਿੱਖਾਂ ਨੇ ਟੌਰੰਗਾ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ। ਟੌਰੰਗਾ ਤੋਂ ਇਲਾਵਾ ਰੌਟਰੂਆ, ਹੈਮਿਲਟਨ ਅਤੇ ਆਕਲੈਂਡ ਤੋਂ ਵੀ ਸਿੱਖਾਂ ਨੇ ਨਗਰ ਕੀਰਤਨ ’ਚ ਸ਼ਮੂਲੀਅਤ ਕੀਤੀ। ਗੁਰਦੁਆਰਾ ਸਿੱਖ ਸੰਗਤ ਟੌਰੰਗਾ ਤੋਂ ਸ਼ੁਰੂ ਹੋਏ ਨਗਰ ਕੀਰਤਨ ’ਚ ਲਗਭਗ 1500 ਲੋਕਾਂ ਨੇ ਸ਼ਿਰਕਤ ਕੀਤੀ। ਨਗਰ ਕੀਰਤਨ 14ਵੇਂ ਐਵੀਨਿਊ ਅਤੇ ਡੈਵਨਪੋਰਟ ਰੋਡ ਤੋਂ ਹੁੰਦਾ ਹੋਇਆ ਟੌਰਗਾ ਮੁੰਡਿਆਂ ਦੇ ਕਾਲਜ ਕਾਰਪਾਰਕ ’ਚ ਥੋੜ੍ਹੀ ਦੇਰ ਰੁਕਿਆ ਅਤੇ ਫਿਰ ਮੈਮੋਰੀਅਲ ਪਾਰਕ, ਫ਼ਰੇਜ਼ਰ ਪਾਰਕ ਹੁੰਦਾ ਹੋਇਆ ਮੁੜ ਗੁਰਦੁਆਰੇ ਪਹੁੰਚਿਆ।
ਨਗਰ ਕੀਰਤਨ ’ਚ ਗਤਕਾ ਟੀਮ ਤੋਂ ਇਲਾਵਾ ਬੇਅ ਆਫ਼ ਪਲੈਂਟੀ ਪਾਈਪਸ ਐਂਡ ਡਰੰਮਸ ਬੈਂਡ ਦੇ 9 ਪਾਈਪਰ ਅਤੇ ਤਿੰਨ ਡਰੰਮਰ ਨੇ ਵੀ ਹਿੱਸਾ ਲਿਆ। ਨਗਰ ਕੀਰਤਨ ’ਚ ਸ਼ਾਮਲ ਦੋ ਭੈਣਾਂ ਨਵਜੀਤ ਅਤੇ ਗੁਰਜੀਤ, ਜਿਨ੍ਹਾਂ ਨੇ ਅਪਣੇ ਮਾਪਿਆਂ ਨਾਲ ਨਗਰ ਕੀਰਤਨ ’ਚ ਸ਼ਮੂਲੀਅਤ ਕੀਤੀ, ਨੇ ਦਸਿਆ ਕਿ ਉਨ੍ਹਾਂ ਨੂੰ ਨਗਰ ਕੀਰਤਨ ਰਾਹੀਂ ਸਿੱਖ ਸਭਿਆਚਾਰ ਦਾ ਹਿੱਸਾ ਬਣਨ ਅਤੇ ਭਾਈਚਾਰੇ ਦੇ ਹੋਰ ਸਿੱਖਾਂ ਨਾਲ ਸੰਪਰਕ ਕਰਨਾ ਦਾ ਮੌਕਾ ਮਿਲਿਆ।
ਸਥਾਨਕ ਵਾਸੀ ਕਲੇਅਰ ਮੇਈਸੀ ਅਤੇ ਉਨ੍ਹਾਂ ਦੀ 7 ਸਾਲ ਦੀ ਧੀ ਲੁਸੀਆਨਾ ਵੀ ਨਗਰ ਕੀਰਤਨ ਵੇਖਣ ਕਰਨ ਵਾਲਿਆਂ ’ਚ ਸ਼ਾਮਲ ਸਨ ਜਿਨ੍ਹਾਂ ਨੇ ਦਸਿਆ ਕਿ ਉਹ ਲਗਾਤਾਰ ਦੂਜੇ ਸਾਲ ਨਗਰ ਕੀਰਤਨ ’ਚ ਸ਼ਮੂਲੀਅਤ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਇਹ ਰੰਗ ਬਿਰੰਗਾ ਸਭਿਆਚਾਰਕ ਤਜਰਬਾ ਬਹੁਤ ਪਿਆਰਾ ਲਗਦਾ ਹੈ। ਉਨ੍ਹਾਂ ਕਿਹਾ, ‘‘ਇਹ ਬਹੁਤ ਖ਼ੂਬਸੂਰਤ ਪ੍ਰੋਗਰਾਮ ਹੈ ਅਤੇ ਬੈਗਪਾਈਪ ਬੈਂਡ ਇਸ ਨੂੰ ਚਾਰ ਚੰਨ ਲਾਉਂਦਾ ਹੈ।’’਼