ਮੈਲਬਰਨ: ਨਿਊਜ਼ੀਲੈਂਡ ਵਿਚ ਨੈਸ਼ਨਲ ਦੀ ਅਗਵਾਈ ਵਾਲੀ ਨਵੀਂ ਸਰਕਾਰ ਨੇ ਆਪਣੀਆਂ ਯੋਜਨਾਵਾਂ ‘ਤੇ ਅਮਲ ਕਰਦਿਆਂ ਆਕਲੈਂਡ ਲਾਈਟ ਰੇਲ ਪ੍ਰੋਜੈਕਟ ਨੂੰ ਅਧਿਕਾਰਤ ਤੌਰ ‘ਤੇ ਰੱਦ ਕਰ ਦਿੱਤਾ ਹੈ। ਟਰਾਂਸਪੋਰਟ ਮੰਤਰੀ ਸਿਮੋਨ ਬ੍ਰਾਊਨ ਨੇ ਕਿਹਾ ਕਿ ਪਿਛਲੀ ਲੇਬਰ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸ਼ੁਰੂ ਕੀਤੇ ਪ੍ਰਾਜੈਕਟ ਦੀ ਲਾਗਤ ਟਿਕਾਊ ਨਹੀਂ ਸੀ।
ਇਸ ਪ੍ਰੋਜੈਕਟ ਨੂੰ ਪਹਿਲਾਂ ਹੀ ਨਵੰਬਰ ਵਿੱਚ ਰੋਕ ਦਿੱਤਾ ਗਿਆ ਸੀ, ਜਿਸ ਦੀ ਲਾਗਤ 15 ਅਰਬ ਡਾਲਰ ਹੋਣ ਅਨੁਮਾਨ ਸੀ, ਜੋ ਸੰਭਾਵਤ ਤੌਰ ‘ਤੇ ਵਧ ਕੇ 29.2 ਅਰਬ ਡਾਲਰ ਹੋ ਸਕਦੀ ਸੀ। ਪਿਛਲੀ ਸਰਕਾਰ ਵੱਲੋਂ ਚੁਣੇ ਜਾਣ ਦੇ ਚਾਰ ਸਾਲਾਂ ਦੇ ਅੰਦਰ ਮਾਊਂਟ ਰੋਸਕਿਲ ਤੱਕ ਲਾਈਟ ਰੇਲ ਬਣਾਉਣ ਦੀ ਵਚਨਬੱਧਤਾ ਦੇ ਬਾਵਜੂਦ, ਛੇ ਸਾਲ ਅਤੇ 22.8 ਕਰੋੜ ਡਾਲਰ ਖਰਚਣ ਦੇ ਬਾਵਜੂਦ, ਇੱਕ ਮੀਟਰ ਵੀ ਟਰੈਕ ਨਹੀਂ ਬਣਾਇਆ ਜਾ ਸਕਿਆ ਸੀ।
ਲੇਬਰ ਦੀ ਲਾਈਟ ਰੇਲ ਯੋਜਨਾ ਵਿੱਚ ਸੜਕ ਤੋਂ 14,500 ਕਾਰਾਂ ਨੂੰ ਹਟਾਉਣ ਦੀ ਸਮਰੱਥਾ ਸੀ, ਜਦੋਂ ਰੇਲ ਲਾਈਨ ਨੂੰ ਅੰਸ਼ਕ ਤੌਰ ‘ਤੇ ਸੁਰੰਗ ਹੇਠ ਬਣਾਉਣ ਦਾ ਫੈਸਲਾ ਕੀਤਾ ਗਿਆ ਤਾਂ ਕੀਮਤ 14.6 ਅਰਬ ਡਾਲਰ ਤੱਕ ਪਹੁੰਚ ਗਈ। ਆਕਲੈਂਡ ਦੀ ਕੌਂਸਲਰ ਕ੍ਰਿਸਟੀਨ ਫਲੈਚਰ ਉਮੀਦ ਕਰਦੀ ਹੈ ਕਿ ਪ੍ਰੋਜੈਕਟ ਰਾਹੀਂ ਇਕੱਠੀ ਕੀਤੀ ਜਾਣਕਾਰੀ ਬਰਬਾਦ ਨਹੀਂ ਹੋਵੇਗੀ ਅਤੇ ਸ਼ਹਿਰ ਵਿੱਚ ਬੱਸਾਂ ਦੀ ਭੀੜ ਨੂੰ ਦੂਰ ਕਰਨ ਲਈ ਵਰਤੀ ਜਾ ਸਕਦੀ ਹੈ।