ਮੈਲਬਰਨ: ਸਿਡਨੀ ਦੇ ਰੋਜੇਲ ਪਾਰਕਲੈਂਡਜ਼ ਦੇ ਨੇੜੇ ਦੀਆਂ ਥਾਵਾਂ ‘ਤੇ ਰੀਸਾਈਕਲ ਕੀਤੇ ਮਲਚ ਵਿਚ ਵੀ ਜ਼ਹਿਰੀਲਾ ਪਦਾਰਥ asbestos ਮਿਲਣ ਮਗਰੋਂ ਇਕ ਨਵਾਂ ਖੋਲ੍ਹਿਆ ਗਿਆ ਖੇਡ ਦਾ ਮੈਦਾਨ ਅਤੇ ਤਿੰਨ ਲੈਂਡਸਕੇਪ ਗਾਰਡਨ ਬੈੱਡਸ ਬੰਦ ਕਰ ਦਿੱਤੇ ਗਏ ਹਨ। ਜ਼ਹਿਰੀਲੀ ਸਮੱਗਰੀ ਦਾ ਪਤਾ ਪਹਿਲੀ ਵਾਰ ਇੱਕ ਬੱਚੇ ਵੱਲੋਂ ਰੋਜੇਲ ਪਾਰਕਲੈਂਡਜ਼ ’ਚ ਇਸ ਨੂੰ ਆਪਣੇ ਹੱਥਾਂ ਨਾਲ ਚੁੱਕੇ ਜਾਣ ਤੋਂ ਬਾਅਦ ਲੱਗਾ ਸੀ। ਉਦੋਂ ਤੋਂ 85 ਤੋਂ ਵੱਧ ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 13 ਵਿੱਚ asbestos ਦੇ ਨਿਸ਼ਾਨ ਦਿਖਾਈ ਦੇ ਰਹੇ ਹਨ।
ਜ਼ਹਿਰੀਲੇ ਪਦਾਰਥਾਂ ਦੇ ਅਧਿਐਨਾਂ ਵਿੱਚ ਗਲੋਬਲ ਲੀਡਰ ਪ੍ਰੋਫੈਸਰ ਰਵੀ ਨਾਇਡੂ ਨੇ ਜ਼ੋਰ ਦੇ ਕੇ ਕਿਹਾ ਕਿ ਹਾਲਾਂਕਿ ਪਾਰਕਾਂ ’ਚ ਮਿਲਿਆ asbestos ਸਿਹਤ ਲਈ ਘੱਟ ਖਤਰਨਾਕ ਹੈ, ਫਿਰ ਵੀ ਇਸ ਨੂੰ ਸਹੀ ਢੰਗ ਨਾਲ ਪ੍ਰਬੰਧਿਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਸਮੱਸਿਆ ਨੂੰ ਹੱਲ ਕਰਨ ਦੇ ਸਭ ਤੋਂ ਵਧੀਆ ਤਰੀਕੇ ਵਜੋਂ ਪਾਰਕ ਤੋਂ ਮਲਚ ਨੂੰ ਹਟਾਉਣ ਦਾ ਸੁਝਾਅ ਦਿੱਤਾ।
ਇਨਰ ਵੈਸਟ ਦੇ ਮੇਅਰ ਡਾਰਸੀ ਬਾਇਰਨ ਨੇ ਇਸ ਗੱਲ ਦੀ ਪੂਰੀ ਜਾਂਚ ਦੀ ਮੰਗ ਕੀਤੀ ਹੈ ਕਿ ਪ੍ਰਦੂਸ਼ਿਤ ਸਮੱਗਰੀ ਪਾਰਕ ਵਿਚ ਕਿਵੇਂ ਆਈ। ਪ੍ਰੀਮੀਅਰ ਕ੍ਰਿਸ ਮਿਨਸ ਨੇ ਕਿਹਾ ਕਿ ਪਾਰਕ ਨੂੰ ਸੁਧਾਰਨ ਦੀ ਲਾਗਤ ਟੈਕਸਦਾਤਾਵਾਂ ’ਤੇ ਨਹੀਂ ਪਵੇਗੀ। ਵਾਤਾਵਰਣ ਸੁਰੱਖਿਆ ਅਥਾਰਟੀ ਨੇ ਚੇਤਾਵਨੀ ਦਿੱਤੀ ਹੈ ਕਿ asbestos ਦੇ ਕੂੜੇ ਨੂੰ ਦੁਬਾਰਾ ਵਰਤਣ ਦੀ ਆਗਿਆ ਦੇਣ ਵਾਲੇ ਕਾਰੋਬਾਰਾਂ ਜਾਂ ਵਿਅਕਤੀਆਂ ਨੂੰ 20 ਲੱਖ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ।