ਪ੍ਰਮੁੱਖ ਪੱਤਰਕਾਰ ਨੇ ਛੱਡਿਆ ABC, ਜਾਣੋ ਕੀ ਰਿਹਾ ਕਾਰਨ

ਮੈਲਬਰਨ: ਇਜ਼ਰਾਈਲ-ਹਮਾਸ ਸੰਘਰਸ਼ ਦੀ ਕਵਰੇਜ ਨੂੰ ਲੈ ਕੇ ABC ਦੀ ਇੱਕ ਹਾਈ-ਪ੍ਰੋਫਾਈਲ ਰਾਜਨੀਤਿਕ ਪੱਤਰਕਾਰ ਨੇ ਅਸਤੀਫਾ ਦੇ ਦਿੱਤਾ ਹੈ। ਲੈਬਨਾਨ ਮੂਲ ਦੀ ਨੂਰ ਹੈਦਰ 2017 ਵਿੱਚ ਕੈਡਿਟ ਵਜੋਂ ਆਸਟ੍ਰੇਲੀਆ ਸਰਕਾਰ ਵੱਲੋਂ ਚਲਾਏ ਜਾਂਦੇ ਪ੍ਰਮੁੱਖ ਟੀ.ਵੀ. ਚੈਨਲ ABC ਵਿੱਚ ਸ਼ਾਮਲ ਹੋਈ ਸੀ ਅਤੇ 2019 ਵਿੱਚ ਕੈਨਬਰਾ ਵਿੱਚ ਇੱਕ ਰਾਜਨੀਤਿਕ ਰਿਪੋਰਟਰ ਵਜੋਂ ਅਹੁਦਾ ਸੰਭਾਲਿਆ।

ਨੂਰ ਹੈਦਰ ਨੇ ਇਹ ਫੈਸਲਾ ਗਾਜ਼ਾ ਪੱਟੀ ‘ਚ ਸੰਘਰਸ਼ ਦੀ ‘ਇਜ਼ਰਾਈਲ ਹਮਾਇਤੀ’ ਕਵਰੇਜ ਅਤੇ ਸੱਭਿਆਚਾਰਕ ਤੌਰ ‘ਤੇ ਵੰਨ-ਸੁਵੰਨਤਾ ਵਾਲੇ ਸਟਾਫ ਨਾਲ ਵਿਵਹਾਰ ਨੂੰ ਲੈ ਕੇ ABC ਦੇ ਸਟਾਫ ਦੀ ਜਾਂਚ ਸ਼ੁਰੂ ਕਰਨ ਤੋਂ ਬਾਅਦ ਕੀਤਾ। ਅਸਤੀਫੇ ਦੇ ਜਨਤਕ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਉਸ ਨੇ ਐਲਾਨ ਕੀਤਾ ਕਿ ਉਹ ਖੱਬੇਪੱਖੀ ਮੀਡੀਆ ਸਮੂਹ ‘ਦਿ ਗਾਰਡੀਅਨ ਆਸਟ੍ਰੇਲੀਆ’ ’ਚ ਸ਼ਾਮਲ ਹੋਵੇਗੀ, ਅਤੇ ਕਿਹਾ, ‘‘ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਖਤ, ਸੂਖਮ ਅਤੇ ਦਲੇਰ ਪੱਤਰਕਾਰੀ ਦੀ ਜ਼ਰੂਰਤ ਹੈ।’’

ਦੂਜੇ ਪਾਸੇ ABC ਦੇ ਬੁਲਾਰੇ ਨੇ ਇੱਕ ਬਿਆਨ ਵਿਚ ਇਜ਼ਰਾਈਲ-ਗਾਜ਼ਾ ਸੰਘਰਸ਼ ਨੂੰ ‘ਕਵਰ ਕਰਨਾ ਇਕ ਮੁਸ਼ਕਲ ਕਹਾਣੀ’ ਦੱਸਿਆ। ਅਦਾਰੇ ਨੇ ਕਿਹਾ, ‘‘ABC ਆਪਣੀ ਇਜ਼ਰਾਈਲ-ਗਾਜ਼ਾ ਕਵਰੇਜ ਵਿੱਚ ਸਟੀਕਤਾ, ਨਿਰਪੱਖਤਾ ਅਤੇ ਸੱਚਾਈ ਲਈ ਵਚਨਬੱਧ ਹੈ, ਜਿਵੇਂ ਕਿ ਸਾਡੀ ਬਾਕੀ ਸਾਰੀ ਰਿਪੋਰਟਿੰਗ ਵਿੱਚ ਹੁੰਦਾ ਹੈ।’’ ਇਹ ਪਹਿਲੀ ਵਾਰੀ ABC ’ਤੇ ਵਿਤਕਰੇਬਾਜ਼ੀ ਦੇ ਦੋਸ਼ ਲੱਗੇ ਹਨ। ਇਸੇ ਹਫ਼ਤੇ ABC ਦੀ ਬਰਖਾਸਤ ਰੇਡੀਓ ਪੇਸ਼ਕਾਰ ਐਂਟੋਨੇਟ ਲਾਟੂਫ ਨੇ ਵੀ ABC ’ਤੇ ਨਸਲਵਾਦ ਅਤੇ ਕਾਲੀ ਚਮੜੀ ਵਾਲੇ ਲੋਕਾਂ ਨਾਲ ਵਿਤਕਰਾ ਕਰਨ ਦਾ ਦੋਸ਼ ਲਾਇਆ ਸੀ।

Leave a Comment