ਮੈਲਬਰਨ: ਅਦਾਲਤ ਵੱਲੋਂ ਆਸਟ੍ਰੇਲੀਆ ਦੇ ਸਾਬਕਾ ਸੰਸਦ ਮੈਂਬਰ ਕ੍ਰੇਗ ਥਾਮਸਨ ਦੀ ਭਾਰਤ ਆਉਣ ਦੀ ਬੇਨਤੀ ਰੱਦ ਕਰ ਦਿੱਤੀ ਗਈ ਹੈ। ਧੋਖਾਧੜੀ ਦੇ ਮਾਮਲੇ ‘ਚ ਸਜ਼ਾ ਦੀ ਉਡੀਕ ਕਰ ਰਹੇ ਥਾਮਸਨ ਨੂੰ ਪਹਿਲਾਂ ਇਕ ਵੱਖਰੇ ਕੇਸ ਦੀ ਸੁਣਵਾਈ ਦੀ ਉਡੀਕ ਕਰਦਿਆਂ ਦੇਸ਼ ਛੱਡਣ ਦੀ ਇਜਾਜ਼ਤ ਦਿੱਤੀ ਗਈ ਸੀ। ਹਾਲਾਂਕਿ, ਮੈਜਿਸਟ੍ਰੇਟ ਟੇਰੇਸ ਸੀਆ ਨੇ ਕਿਹਾ ਕਿ ਇਸ ਗੱਲ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਥਾਮਸਨ ਫਿਰ ਕਦੇ ਦੇਸ਼ ਨਾ ਪਰਤੇ ਅਤੇ ਉਸ ਨੂੰ ਭਾਰਤ ਤੋਂ ਬਾਹਰ ਕੱਢਣਾ ਮੁਸ਼ਕਲ ਸਾਬਤ ਹੋ ਸਕਦਾ ਹੈ। ਥਾਮਸਨ ਨੇ ਅਦਾਲਤ ਨੇ ਦਸਿਆ ਸੀ ਕਿ ਉਸ ਨੂੰ 13 ਜਨਵਰੀ ਤੋਂ ਲਸਣ ਦੀ ਖੇਪ ਦੀ ਨਿਗਰਾਨੀ ਕਰਨ ਲਈ ਭਾਰਤ ਜਾਣ ਦੀ ਲੋੜ ਸੀ।
ਹੈਲਥ ਸਰਵਿਸਿਜ਼ ਯੂਨੀਅਨ ਦੇ ਸਾਬਕਾ ਰਾਸ਼ਟਰੀ ਸਕੱਤਰ ਥਾਮਸਨ ਨੂੰ ਧੋਖਾਧੜੀ ਨਾਲ ਵਿੱਤੀ ਲਾਭ ਲੈਣ ਦੇ ਦੋ ਦੋਸ਼ਾਂ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਉਸ ਨੇ ਆਪਣੀ ਪਤਨੀ ਦੀ ਮਲਕੀਅਤ ਵਾਲੇ ਕੈਫੇ ਲਈ ਕੋਵਿਡ-19 ਸਹਾਇਤਾ ਗ੍ਰਾਂਟ ਦੇ ਰੂਪ ਵਿਚ 25,000 ਡਾਲਰ ਦੀ ਅਰਜ਼ੀ ਦਿੱਤੀ ਅਤੇ ਪ੍ਰਾਪਤ ਕੀਤੀ, ਜਿਸ ਤੋਂ ਬਾਅਦ ਉਹ ਵੱਖ ਹੋ ਗਿਆ ਹੈ। ਇਸ ਪੈਸੇ ਦੀ ਵਰਤੋਂ ਉਸ ਨੇ ਆਪਣੇ ਕ੍ਰੈਡਿਟ ਕਾਰਡ ਦੇ ਕਰਜ਼ੇ, ਪ੍ਰਾਈਵੇਟ ਸਕੂਲ ਫੀਸ, ਲੀਜ਼ ‘ਤੇ ਲਈ ਗਈ ਕਾਰ, ਕਿਰਾਏ ਦੀ ਜਾਇਦਾਦ ਅਤੇ ਗਿਰਵੀ ਦਾ ਭੁਗਤਾਨ ਕਰਨ ਲਈ ਕੀਤੀ ਗਈ ਸੀ। ਜਦਕਿ ਉਸ ਦੀ ਸਾਬਕਾ ਪਤਨੀ ਨੂੰ ਇਸ ਬਾਰੇ ਕੁੱਝ ਪਤਾ ਨਹੀਂ ਸੀ। ਇਸ ਤੋਂ ਪਹਿਲਾਂ ਵਿਕਟੋਰੀਆ ਦੀ ਇਕ ਅਦਾਲਤ ਨੇ ਬਾਅਦ ਵਿਚ ਉਸ ਨੂੰ ਚੋਰੀ ਦੇ ਮਾਮਲੇ ਵਿਚ ਵੀ ਦੋਸ਼ੀ ਠਹਿਰਾਇਆ ਸੀ।