ਆਸਟ੍ਰੇਲੀਆ ਦੀ ਸ਼ਰਨ ਮੰਗਣ ਵਾਲਿਆਂ (Refugees) ’ਚ ਰਿਕਾਰਡ ਵਾਧਾ, ਸਿਰਫ਼ 9 ਫ਼ੀ ਸਦੀ ਭਾਰਤੀਆਂ ਨੂੰ ਮਿਲੀ ਸ਼ਰਨ

ਮੈਲਬਰਨ: ਆਸਟ੍ਰੇਲੀਆ ’ਚ ਸ਼ਰਨ ਮੰਗਣ ਵਾਲਿਆਂ (Refugees) ਦੀ ਗਿਣਤੀ ’ਚ ਰਿਕਾਰਡ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਜ਼ਿਆਦਾਤਰ ਫ਼ਰਜ਼ੀ ਪਾਈਆਂ ਜਾ ਰਹੀਆਂ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਇਨ੍ਹਾਂ ’ਚੋਂ ਜ਼ਿਆਦਾਤਰ ਲੋਕ ਅਜਿਹੇ ਦੇਸ਼ਾਂ ’ਚੋਂ ਹਨ ਜਿੱਥੇ ਕਿਸੇ ਤਰ੍ਹਾਂ ਦੀ ਜੰਗ ਜਾਂ ਖ਼ਤਰਨਾਕ ਹਾਲਾਤ ਨਹੀਂ ਹਨ।

ਪਿਛਲੇ ਸਾਲ ਅਗਸਤ ਤੋਂ ਨਵੰਬਰ ਤਕ ਦੇ ਅੰਕੜਿਆਂ ਅਨੁਸਾਰ ਹਰ ਮਹੀਨੇ ਹਵਾਈ ਜਹਾਜ਼ ਰਾਹੀਂ ਆ ਕੇ 2000 ਤੋਂ ਵੱਧ ਲੋਕਾਂ ਨੇ ਆਸਟ੍ਰੇਲੀਆ ’ਚ ਸ਼ਰਨ ਦੀਆਂ ਅਰਜ਼ੀਆਂ ਦਿੱਤੀਆਂ ਹਨ। ਨਵੰਬਰ ਮਹੀਨੇ ’ਚ ਸਭ ਤੋਂ ਵੱਧ ਸ਼ਰਨ ਦੀਆਂ ਅਰਜ਼ੀਆਂ ਵੀਅਤਨਾਮ ਤੋਂ ਪ੍ਰਾਪਤ ਹੋਈਆਂ ਜਿੱਥੋਂ 444 ਲੋਕਾਂ ਨੇ ਆਸਟ੍ਰੇਲੀਆ ’ਚ ਸ਼ਰਨ ਮੰਗੀ। ਇਸ ਤੋਂ ਬਾਅਦ ਚੀਨ (230), ਵਾਨੁਤੁ (129) ਅਤੇ ਭਾਰਤ (121) ਦਾ ਨੰਬਰ ਹੈ। ਸ਼ਰਨ ਮੰਗਣ ਵਾਲਿਆਂ ਦੀ ਉਮਰ 25-44 ਸਾਲ ਵਿਚਕਾਰ ਹੈ।

ਸ਼ਰਨ ਮੰਗਣ ਵਾਲੇ ਕੁੱਲ ਭਾਰਤੀਆਂ ’ਚੋਂ ਸਿਰਫ਼ 9 ਫ਼ੀ ਸਦੀ ਅਰਜ਼ੀਆਂ ਨੂੰ ਹੀ ਮਨਜ਼ੂਰੀ ਮਿਲੀ ਹੈ। ਜਦਕਿ ਮਿਆਂਮਾਰ ਤੋਂ ਸ਼ਰਨ ਮੰਗਣ ਵਾਲੇ ਲੋਕਾਂ ’ਚੋਂ 100 ਫ਼ੀ ਸਦੀ ਦੀਆਂ ਅਰਜ਼ੀਆਂ ਮਨਜ਼ੂਰ ਕਰ ਲਈਆਂ ਗਈਆਂ ਹਨ। ਵੀਅਤਨਾਮ ਦੇ ਸਿਰਫ਼ 5 ਫ਼ੀ ਸਦੀ ਲੋਕਾਂ ਨੂੰ ਸ਼ਰਨ ਮਿਲੀ। ਸ਼ਰਨ ਮੰਗਣ ਵਾਲਿਆਂ ’ਚੋਂ ਸਭ ਤੋਂ ਵੱਧ ਲੋਕ ਆਸਟ੍ਰੇਲੀਆਈ ਸਟੇਟ ਵਿਕਟੋਰੀਆ ਦੇ ਮਿਲਡੁਰਾ (707) ਅਤੇ ਰੋਬਿਨਵੇਲ (598) ’ਚ ਵਸੇ ਹਨ। ਇਸ ਤੋਂ ਬਾਅਦ ਨਿਊ ਸਾਊਥ ਵੇਲਜ਼ (594) ਦਾ ਨੰਬਰ ਹੈ।

Leave a Comment