ਮੈਲਬਰਨ: ਵਿਦੇਸ਼ਾਂ ’ਚ ਛੁੱਟੀਆਂ ਦੇ ਮੌਸਮ ਦੌਰਾਨ, ਭਾਰਤ ਵਿੱਚ ਵਿਸ਼ੇਸ਼ ਡਾਕਟਰੀ ਇਲਾਜਾਂ, ਖਾਸ ਕਰ ਕੇ ਦੰਦਾਂ, ਚਮੜੀ, ਆਰਥੋਪੈਡਿਕਸ ਅਤੇ ਵਾਲਾਂ ਦੀ ਦੇਖਭਾਲ ਵਿੱਚ ਵਿਸ਼ੇਸ਼ ਡਾਕਟਰੀ ਇਲਾਜ ਦੀ ਮੰਗ ਕਰਨ ਵਾਲੇ ਪ੍ਰਵਾਸੀ ਭਾਰਤੀਆਂ (NRI) ਵਿੱਚ ਕਾਫ਼ੀ ਵਾਧਾ ਹੋ ਰਿਹਾ ਹੈ। ਇਸ ਵਾਧੇ ਦਾ ਕਾਰਨ ਭਾਰਤ ’ਚ ਹੋਣ ਵਾਲੇ ਘੱਟ ਖ਼ਰਚ, ਇਲਾਜ ਦੇ ਤਰੀਕਿਆਂ ਨਾਲ ਜਾਣ-ਪਛਾਣ ਅਤੇ ਆਸਾਨੀ ਨਾਲ ਪਹੁੰਚ ਹੈ।
ਇਕ ਅਨੁਮਾਨ ਮੁਤਾਬਕ 18 ਫੀ ਸਦੀ ਪ੍ਰਵਾਸੀ ਭਾਰਤੀ ਸਿਹਤ ਸਬੰਧੀ ਕਈ ਤਰ੍ਹਾਂ ਦੀਆਂ ਚਿੰਤਾਵਾਂ ਕਾਰਨ ਛੁੱਟੀਆਂ ਦੇ ਮੌਸਮ ਦੌਰਾਨ ਭਾਰਤ ਦੀ ਯਾਤਰਾ ਕਰਨ ਦੀ ਚੋਣ ਕਰਦੇ ਹਨ, ਜਿਸ ਦੇ ਨਤੀਜੇ ਵੱਜੋਂ ਭਾਰਤ ਇੱਕ ਮੈਡੀਕਲ ਟੂਰਿਜ਼ਮ ਹੌਟਸਪੌਟ ਬਣ ਕੇ ਉਭਰਿਆ ਹੈ। ਪ੍ਰਮੁੱਖ ਇਲਾਜ ਜਿਸ ਨੂੰ ਕਰਵਾਉਣ ਲਈ NRI ਭਾਰਤ ’ਚ ਤਰਜੀਹ ਦਿੰਦੇ ਹਨ, ਉਨ੍ਹਾਂ ਵਿੱਚ ਦੰਦਾਂ ਦੇ ਇੰਪਲਾਂਟ, ਰੂਟ ਕੈਨਾਲ ਇਲਾਜ, ਦੰਦਾਂ ਦੀ ਸਫਾਈ ਅਤੇ ਆਯੁਰਵੈਦਿਕ ਇਲਾਜ ਸ਼ਾਮਲ ਹਨ।
ਇੱਕ ਪੇਸ਼ੇਵਰ ਡਾ. ਵੈਂਕਟੇਸ਼ ਮੋਵਵਾ ਨੇ ਕਿਹਾ ਕਿ ਮੁੰਬਈ ਅਤੇ ਹੈਦਰਾਬਾਦ ’ਚ ਅਜਿਹੇ NRI ਦੀ ਵੱਡੀ ਗਿਣਤੀ ਵੇਖੀ ਜਾ ਸਕਦੀ ਹੈ ਜੋ ਆਪਣਾ ਇਲਾਜ ਕਰਵਾਉਣ ਲਈ ਹੀ ਭਾਰਤ ਆਉਂਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ’ਚ OPD ਦੀ ਪ੍ਰਕਿਰਿਆ ਹੋਰਨਾਂ ਦੇਸ਼ਾਂ ਤੋਂ ਵੱਖਰੀ ਹੈ ਜਿਸ ਕਾਰਨ ਮਰੀਜ਼ਾਂ ਨੂੰ ਛੇਤੀ ਛੁੱਟੀ ਮਿਲ ਜਾਂਦੀ ਹੈ ਅਤੇ ਉਹ ਆਪਣੇ ਪ੍ਰਵਾਰ ਨਾਲ ਛੁੱਟੀਆਂ ਦੌਰਾਨ ਜ਼ਿਆਦਾ ਸਮਾਂ ਬਤੀਤ ਕਰ ਸਕਦੇ ਹਨ।