ਬ੍ਰਿਟਿਸ਼ ਸਿੱਖ ਔੌਰਤ ਨੇ ਪੇਸ਼ ਕੀਤਾ ਅੰਟਾਰਕਟਿਕਾ ’ਚ ਸਭ ਤੋਂ ਤੇਜ਼ Solo Ski ਕਰਨ ਦਾ ਦਾਅਵਾ

ਮੈਲਬਰਨ: ਬ੍ਰਿਟਿਸ਼ ਫ਼ੌਜ ’ਚ ਡਾਕਟਰ ਵੱਜੋਂ ਕੰਮ ਕਰਦੀ ਹਰਪ੍ਰੀਤ ਚੰਦੀ ਨੇ ਅੰਟਾਰਕਟਿਕਾ ’ਚ ‘Solo Ski’ ਕਰਨ ਵਾਲੀ ਸਭ ਤੋਂ ਤੇਜ਼ ਔਰਤ ਬਣ ਕੇ ਇਕ ਨਵਾਂ ਰੀਕਾਰਡ ਕਾਇਮ ਕਰਨ ਦਾ ਦਾਅਵਾ ਕੀਤਾ ਹੈ। ‘ਪੋਲਰ ਪ੍ਰੀਤ’ ਦੇ ਨਾਂ ਨਾਲ ਵੀ ਜਾਣੀ ਜਾਂਦੀ ਚੰਦੀ ਨੇ 31 ਦਿਨਾਂ, 13 ਘੰਟਿਆਂ ਅਤੇ 19 ਮਿੰਟਾਂ ’ਚ 1,130 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਇਸ ਦਾਅਵੇ ਦੀ ਅਜੇ ਗਿਨੀਜ਼ ਵਰਲਡ ਰਿਕਾਰਡਜ਼ ਵਲੋਂ ਪੁਸ਼ਟੀ ਕੀਤੀ ਜਾਣੀ ਬਾਕੀ ਹੈ। ਜੇਕਰ ਇਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਉਹ ਕੈਨੇਡੀਅਨ ਔਰਤ ਕੈਰੋਲੀਨ ਕੋਟ ਨੂੰ ਇਕ ਦਿਨ, 14 ਘੰਟੇ ਅਤੇ 34 ਮਿੰਟ ਨਾਲ ਹਰਾ ਦੇਵੇਗੀ।

ਚੰਦੀ ਨੇ 26 ਨਵੰਬਰ ਨੂੰ ਰੋਨੇ ਆਈਸ ਸ਼ੈਲਫ ’ਤੇ ਹਰਕਿਊਲਿਸ ਇਨਲੇਟ ਤੋਂ ਅਪਣਾ ਸਫ਼ਰ ਸ਼ੁਰੂ ਕੀਤਾ ਅਤੇ 28 ਦਸੰਬਰ ਨੂੰ ਯੂ.ਕੇ. ਦੇ ਸਮੇਂ ਅਨੁਸਾਰ ਤੜਕੇ 2:24 ਵਜੇ ਦਖਣੀ ਧਰੁਵ ’ਤੇ ਪੁੱਜੀ। ਉਹ ਦਿਨ ’ਚ ਔਸਤਨ 12 ਤੋਂ 13 ਘੰਟੇ ਸਕੀ ਕਰਦੀ ਸੀ, 75 ਕਿਲੋਗ੍ਰਾਮ ਦਾ ਸਲੈਜ ਖਿੱਚਦੀ ਸੀ ਜਿਸ ’ਚ ਉਸ ਲਈ ਰਹਿਣ ਸਹਿਣ ਦਾ ਸਾਰਾ ਸਾਮਾਨ ਵੀ ਲਦਿਆ ਹੁੰਦਾ ਸੀ।

ਚੰਦੀ ਇਸ ਸਮੇਂ ਫੌਜ ਵਿਚ ਫਿਜ਼ੀਓਥੈਰੇਪਿਸਟ ਵਜੋਂ ਆਪਣੀ ਭੂਮਿਕਾ ਤੋਂ ਕਰੀਅਰ ਬ੍ਰੇਕ ’ਤੇ ਹੈ। ਇਨ੍ਹਾਂ ਮੁਹਿੰਮਾਂ ਲਈ ਚੰਦੀ ਦੀ ਪ੍ਰੇਰਣਾ ਸਿਰਫ ਖ਼ੁਦ ਨੂੰ ਮਜ਼ਬੂਤ ਕਰਨ ਬਾਰੇ ਨਹੀਂ ਹੈ, ਬਲਕਿ ਦੂਜਿਆਂ ਨੂੰ ਅਪਣੀਆਂ ਹੱਦਾਂ ਨੂੰ ਚੁਨੌਤੀ ਦੇਣ ਲਈ ਪ੍ਰੇਰਿਤ ਕਰਨ ਬਾਰੇ ਵੀ ਹੈ।

Leave a Comment