ਮੈਲਬਰਨ: ਆਸਟ੍ਰੇਲੀਆ ਸਰਕਾਰ ਨੇ ਕਿਹਾ ਹੈ ਕਿ ਨਵੀਂ ਮਾਈਗ੍ਰੇਸ਼ਨ ਨੀਤੀ ਦੇ ਤਹਿਤ ਟੈਂਪਰੇਰੀ ਗ੍ਰੈਜੂਏਟ ਵੀਜ਼ਾ (TGV) ਦੀ ਘਟੀ ਹੋਈ ਮਿਆਦ ਪਿਛਲੇ ਸਾਲ ਹਸਤਾਖਰ ਕੀਤੇ ਗਏ ਆਸਟ੍ਰੇਲੀਆ-ਭਾਰਤ ਆਰਥਿਕ ਸਹਿਯੋਗ ਅਤੇ ਵਪਾਰੀ ਸਮਝੌਤੇ (ECTA) ਕਾਰਨ ਭਾਰਤੀ ਨਾਗਰਿਕਾਂ ‘ਤੇ ਲਾਗੂ ਨਹੀਂ ਹੁੰਦੀ। ਇਸ ਦਾ ਮਤਲਬ ਇਹ ਹੈ ਕਿ ਭਾਰਤੀ ਵਿਦਿਆਰਥੀਆਂ ਲਈ TGV ਦੀ ਮਿਆਦ ਬੈਚਲਰ ਡਿਗਰੀ ਲਈ ਦੋ ਸਾਲ, ਕੋਰਸਵਰਕ ਅਤੇ ਰਿਸਰਚ ਰਾਹੀਂ ਦੋਵਾਂ ਮਾਸਟਰਜ਼ ਲਈ ਤਿੰਨ ਸਾਲ ਅਤੇ ਪੀ.ਐਚਡੀ. ਲਈ ਚਾਰ ਸਾਲ ਰਹੇਗੀ।
ਹਾਲਾਂਕਿ, ਨਵੀਂ ਮਾਈਗ੍ਰੇਸ਼ਨ ਰਣਨੀਤੀ ਹੇਠ ECTA ਇਸ ਗੱਲ ਦੀ ਗਰੰਟੀ ਨਹੀਂ ਦਿੰਦਾ ਕਿ ਭਾਰਤੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ TGV ‘ਤੇ ਐਕਸਟੈਂਸ਼ਨ ਮਿਲੇਗਾ। ਸਿਰਫ ਉਹ ਬਿਨੈਕਾਰ ਜਿਨ੍ਹਾਂ ਨੇ ਰੀਜਨਲ ਇਲਾਕਿਆਂ ’ਚ ਪੜ੍ਹਾਈ ਕੀਤੀ ਹੈ, ਵਿਸਥਾਰ ਲਈ ਯੋਗ ਹੋਣਗੇ।
ਪਹਿਲੀ ਸ਼੍ਰੇਣੀ ਦੇ ਆਨਰਜ਼ ਨਾਲ ਬੈਚਲਰ ਦੀ ਡਿਗਰੀ ਰੱਖਣ ਵਾਲੇ ਭਾਰਤੀ ਸਾਇੰਸ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਮੈਥੈਮੈਟਿਕਮਸ (STEM) ਅਤੇ ਸੂਚਨਾ ਅਤੇ ਕਮਿਊਨੀਕੇਸ਼ਨਜ਼ ਤਕਨਾਲੋਜੀ (ICT) ਪੇਸ਼ੇਵਰ 29 ਦਸੰਬਰ, 2023 ਤੋਂ ਤਿੰਨ ਸਾਲ ਤੱਕ ਰਹਿਣ ਦੇ ਯੋਗ ਹੋਣਗੇ, ਜੋ ਮੌਜੂਦਾ ਦੋ ਸਾਲਾਂ ਦੀ ਮਿਆਦ ਤੋਂ ਵੱਧ ਹੈ।
ਮਾਈਗ੍ਰੇਸ਼ਨ ਏਜੰਟ ਸੀਮਾ ਚੌਹਾਨ ਵਿਦਿਆਰਥੀਆਂ ਨੂੰ ਸਲਾਹ ਦਿੰਦੀ ਹੈ ਕਿ ਉਹ ਘਬਰਾਉਣ ਨਾ ਕਿਉਂਕਿ ਨਵੀਂ ਨੀਤੀ ਵਿੱਚ ਅੰਗਰੇਜ਼ੀ ਦੀਆਂ ਜ਼ਰੂਰਤਾਂ ਵਿੱਚ ਥੋੜ੍ਹਾ ਜਿਹਾ ਵਾਧਾ ਕਰਨ ਤੋਂ ਇਲਾਵਾ ਕੋਈ ਮਹੱਤਵਪੂਰਨ ਤਬਦੀਲੀਆਂ ਨਹੀਂ ਕੀਤੀਆਂ ਗਈਆਂ ਹਨ। ਹਾਲਾਂਕਿ ਉਨ੍ਹਾਂ ਸੁਝਾਅ ਦਿੱਤਾ ਕਿ ਵਿਦੇਸ਼ੀ ਭਾਰਤੀ ਵਿਦਿਆਰਥੀਆਂ ਨੂੰ ਸਹੀ ਕੋਰਸ ਦੀ ਚੋਣ ਕਰਨੀ ਚਾਹੀਦੀ ਹੈ ਅਤੇ ਆਸਟ੍ਰੇਲੀਆ ਵਿੱਚ ਭਾਰੀ ਮੰਗ ਵਾਲੇ ਹੁਨਰਾਂ ਦੀ ਹੀ ਚੋਣ ਕਰਨੀ ਚਾਹੀਦੀ ਹੈ, ਜਿਸ ਨਾਲ ਉਨ੍ਹਾਂ ਦੇ ਆਸਟ੍ਰੇਲੀਆ ਦੇ ਪੱਕੇ ਨਾਗਰਿਕ ਬਣਨ ਦੀਆਂ ਉਮੀਦਾਂ ਵੱਧ ਸਕਦੀਆਂ ਹਨ, ਕਿਉਂਕਿ ਆਸਟ੍ਰੇਲੀਆ ਹੁਣ ਅਜਿਹੇ ਵਿਦੇਸ਼ੀ ਵਿਦਿਆਰਥੀਆਂ ਨੂੰ ਹੀ ਦੇਸ਼ ਅੰਦਰ ਲਿਆਉਣਾ ਚਾਹੁੰਦਾ ਹੈ ਜੋ ਸਿੱਖਿਆ ਪ੍ਰਾਪਤ ਕਰਨ ਬਾਰੇ ਗੰਭੀਰ ਹਨ, ਨਾ ਕਿ ਕੰਮ ਕਰਨ ਲਈ।