ਆਕਲੈਂਡ ’ਚ ਖੁੱਲ੍ਹੇਗਾ ਭਾਰਤ ਦਾ ਕੌਂਸਲੇਟ ਜਨਰਲ (Consulate General of India in Auckland), ਜਾਣੋ ਕਦੋਂ ਸ਼ੁਰੂ ਹੋਵੇਗਾ ਕੰਮਕਾਜ

ਮੈਲਬਰਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਭਾਰਤ ਦੀ ਕੇਂਦਰੀ ਕੈਬਨਿਟ ਨੇ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਕੌਂਸਲੇਟ ਜਨਰਲ (Consulate General of India in Auckland) ਖੋਲ੍ਹਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਕਦਮ ਨਾਲ ਭਾਰਤ ਨੂੰ ਨਿਊਜ਼ੀਲੈਂਡ ’ਚ ਆਪਣੀ ਕੂਟਨੀਤਕ ਪਹੁੰਚ ਵਧਾਉਣ ਅਤੇ ਵਿਸ਼ਵ ਪੱਧਰ ‘ਤੇ ਇਸ ਦੀ ਪ੍ਰਤੀਨਿਧਤਾ ਨੂੰ ਮਜ਼ਬੂਤ ਕਰਨ ਦੀ ਉਮੀਦ ਹੈ। ਕੌਂਸਲੇਟ ਦੇ ਅਗਲੇ 12 ਮਹੀਨਿਆਂ ਦੇ ਅੰਦਰ ਚਾਲੂ ਹੋਣ ਦੀ ਸੰਭਾਵਨਾ ਹੈ, ਜੋ ਭਾਰਤ ਦੇ ਰਣਨੀਤਕ ਅਤੇ ਵਪਾਰਕ ਹਿੱਤਾਂ ਨੂੰ ਉਤਸ਼ਾਹਤ ਕਰੇਗਾ ਅਤੇ ਆਕਲੈਂਡ ਵਿੱਚ ਭਾਰਤੀ ਭਾਈਚਾਰੇ ਦੀ ਭਲਾਈ ਲਈ ਆਪਣੀਆਂ ਸੇਵਾਵਾਂ ਦੇਵੇਗਾ।

ਇਸ ਸਮੇਂ ਨਿਊਜ਼ੀਲੈਂਡ ਵਿਚ ਭਾਰਤੀ ਮੂਲ ਦੇ ਲਗਭਗ 2.5 ਲੱਖ ਲੋਕ ਰਹਿੰਦੇ ਹਨ, ਜਿਨ੍ਹਾਂ ਵਿਚੋਂ 1.7 ਲੱਖ ਇਕੱਲੇ ਆਕਲੈਂਡ ਵਿਚ ਹਨ। ਭਾਰਤ-ਨਿਊਜ਼ੀਲੈਂਡ ਬਿਜ਼ਨਸ ਕੌਂਸਲ ਵੀ ਆਕਲੈਂਡ ਵਿੱਚ ਸਥਿਤ ਹੈ। ਨਿਊਜ਼ੀਲੈਂਡ ਵਿੱਚ ਭਾਰਤੀ ਹਾਈ ਕਮਿਸ਼ਨ ਵੈਲਿੰਗਟਨ ਵਿੱਚ ਹੈ।