ਮੈਲਬਰਨ: ਕ੍ਰਿਸਮਸ ਦੀ ਪੂਰਵ ਸੰਧਿਆ ਤੋਂ ਲੈ ਕੇ ਬਾਕਸਿੰਗ ਡੇਅ ਤੱਕ ਆਸਟ੍ਰੇਲੀਆ ਵਿਚ ਤੂਫਾਨ ਅਤੇ ਪਾਣੀ ਨਾਲ ਜੁੜੇ ਵੱਖ-ਵੱਖ ਹਾਦਸਿਆਂ ਵਿਚ ਕੁੱਲ 9 ਲੋਕਾਂ ਦੀ ਮੌਤ ਹੋ ਗਈ ਹੈ।
ਪੂਰਬੀ ਸਮੁੰਦਰੀ ਕੰਢੇ ’ਤੇ ਪੈਂਦੇ ਤਿੰਨ ਸਟੇਟ ’ਚੋਂ ਕੁਈਨਜ਼ਲੈਂਡ ਵਿੱਚ ਬਾਕਸਿੰਗ ਡੇਅ ‘ਤੇ ਬ੍ਰਿਸਬੇਨ ਨੇੜੇ ਇੱਕ ਕਿਸ਼ਤੀ ਪਲਟ ਗਈ, ਜਿਸ ਦੇ ਨਤੀਜੇ ਵਜੋਂ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਇੱਕ ਹੋਰ ਹਾਦਸੇ ’ਚ ਇੱਕ ਔਰਤ ਨਾਲੇ ਵਿੱਚ ਵਹਿ ਜਾਣ ਤੋਂ ਬਾਅਦ ਜਿਮਪੀ ਨੇੜੇ ਮੈਰੀ ਨਦੀ ਵਿੱਚ ਮ੍ਰਿਤਕ ਪਾਈ ਗਈ। ਲੋਗਾਨ ‘ਚ ਹੜ੍ਹਾਂ ਦੌਰਾਨ ਲਾਪਤਾ ਹੋਈ 9 ਸਾਲ ਦੀ ਮੀਆ ਦੀ ਲਾਸ਼ ਮਿਲੀ ਹੈ। ਇਸ ਤੋਂ ਇਲਾਵਾ ਕ੍ਰਿਸਮਸ ਦੇ ਦਿਨ ਗੋਲਡ ਕੋਸਟ ‘ਤੇ ਦਰੱਖਤ ਡਿੱਗਣ ਨਾਲ ਇਕ ਔਰਤ ਦੀ ਮੌਤ ਹੋ ਗਈ ਸੀ। 25,000 ਘਰਾਂ ’ਚ ਬਿਜਲੀ ਬਹਾਲ ਕਰ ਦਿੱਤੀ ਗਈ ਹੈ, ਪਰ ਬਹੁਤ ਸਾਰੇ ਘਰ ਅਜੇ ਵੀ ਬਿਜਲੀ ਤੋਂ ਬਿਨਾਂ ਹਨ। ਗੋਲਡ ਕੋਸਟ ਦੇ ਵਸਨੀਕਾਂ ਨੂੰ ਰਾਹਤ ਦੇਣ ਲਈ ਫੰਡਿੰਗ ਨੂੰ ਸਰਗਰਮ ਕੀਤਾ ਗਿਆ ਹੈ।
ਦੂਜੇ ਪਾਸੇ ਵਿਕਟੋਰੀਆ ਵਿਚ ਬਾਕਸਿੰਗ ਡੇਅ ‘ਤੇ ਬੁਚਾਨ ਵਿਚ ਇਕ ਕੈਂਪ ਸਾਈਟ ‘ਤੇ ਇਕ ਦਰੱਖਤ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਔਰਤ ਦੀ ਹੜ੍ਹ ਦੇ ਪਾਣੀ ਵਿਚ ਵਹਿਣ ਕਾਰਨ ਮੌਤ ਹੋ ਗਈ। ਵਿਕਟੋਰੀਆ ‘ਚ ਹੜ੍ਹ ਦਾ ਕਹਿਰ ਜਾਰੀ ਹੈ। ਅਵੋਕਾ ਨਦੀ ਤੋਂ ਚਾਰਲਟਨ ਟਾਊਨ ਲਈ ਵਾਚ ਐਂਡ ਐਕਟ ਚੇਤਾਵਨੀ ਜਾਰੀ ਕੀਤੀ ਗਈ ਹੈ।
ਜਦਕਿ ਨਿਊ ਸਾਊਥ ਵੇਲਜ਼ ਵਿਚ ਇਕ ਸੁਪਰਸੈੱਲ ਪੂਰੇ ਸ਼ਹਿਰ ਵਿਚ ਫੈਲ ਗਿਆ, ਜਿਸ ਵਿਚ ਹਾਰਨਸਬੀ ਅਤੇ ਕਿਆਮਾ ਵਿਚਾਲੇ ਤੇਜ਼ ਹਵਾਵਾਂ, ਮੀਂਹ ਅਤੇ ਓਲੇ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। 22 ਦਸੰਬਰ ਤੋਂ ਲੈ ਕੇ ਹੁਣ ਤੱਕ 1000 ਸਟੇਟ ਐਮਰਜੈਂਸੀ ਸਰਵਿਸ ਵਲੰਟੀਅਰਾਂ ਨੇ 1217 ਤੋਂ ਵੱਧ ਘਟਨਾਵਾਂ ਦਾ ਇਲਾਜ ਕੀਤਾ ਹੈ।
ਕੁਈਨਜ਼ਲੈਂਡ ’ਚ ਹੁਣ ਧਿਆਨ ਸਫਾਈ ਅਤੇ ਘਰਾਂ ਅਤੇ ਕਾਰੋਬਾਰਾਂ ਨੂੰ ਸੁਰੱਖਿਅਤ ਬਣਾਉਣ ‘ਤੇ ਹੈ। ਹਾਲਾਂਕਿ ਦੱਖਣ-ਪੂਰਬ ਵਿੱਚ ਹੋਰ ਤੂਫਾਨ ਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ।