ਆਕਲੈਂਡ : ਨਿਊਜ਼ੀਲੈਂਡ `ਚ ਵਸਦੇ ਪੰਜਾਬੀ (Punjabi in New Zealand) ਮਾਪੇ ਆਪਣੇ ਪੁੱਤਰ ਨੂੰ ਨਿਊਜ਼ੀਲੈਂਡ ਲਿਆਉਣ ਲਈ ਤਰਸ ਰਹੇ ਹਨ, ਜੋ ਕਈ ਸਾਲਾਂ ਤੋਂ ਆਪਣੇ ਦਾਦਾ-ਦਾਦੀ, ਨਾਨਾ-ਨਾਨੀ ਕੋਲ ਰਹਿ ਰਿਹਾ ਹੈ। ਪਹਿਲਾਂ ਵੀਜਿ਼ਆਂ ਦੇ ਚੱਕਰਾਂ ਅਤੇ ਕੋਵਿਡ-19 ਕਰਕੇ ਮਜ਼ਬੂਰੀ ਬਣੀ ਰਹੀ ਤੇ ਹੁਣ “ਐਨਜ਼ੈੱਡ ਪੋਸਟ” ਵਾਲਿਆਂ ਨੇ ਜ਼ਰੂਰੀ ਡਾਕੂਮੈਂਟਸ ਸਿੰਘਾਪੋਰ `ਚ ਫਸਾ ਰੱਖੇ ਹਨ। ਜਦੋਂ ਕਿ ਬੱਚੇ ਦਾ ਪਾਸਪੋਰਟ ਰੀਨਿਊ ਕਰਾਉਣ ਵਾਸਤੇ ਮਿਲੀ ਔਪਾਇੰਟਮੈਂਟ ਦੀ ਤਾਰੀਕ ਲੰਘਣ ਦੇ ਨੇੜੇ ਪੁੱਜ ਚੁੱਕੀ ਹੈ, ਜਿਸ ਨਾਲ ਹੋਰ ਦੇਰੀ ਹੋਣ ਦੀ ਸੰਭਾਵਨਾ ਹੈ।
Story of Punjabi in New Zealand
ਇਹ ਉਦਾਸ ਕਰਨ ਵਾਲੀ ਕਹਾਣੀ ਹੈ, ਗਿਸਬੌਰਨ ਸਿਟੀ `ਚ ਵਸਦੇ ਦਲਜੀਤ ਸਿੰਘ ਅਤੇ ਰਮਨਦੀਪ ਕੌਰ ਸਿੱਧੂ ਦੀ (Punjabi in New Zealand), ਜਿਨ੍ਹਾਂ ਨੇ ਸਾਲ 2017 `ਚ ਵੀਜਿ਼ਆਂ ਦੀ ਮਜ਼ਬੂਰੀ ਕਾਰਨ ਆਪਣੇ ਬੇਟੇ ਇੰਡੀਆ `ਚ ਗਰੈਂਡ ਪੇਰੈਂਟਸ ਕੋਲ ਪਾਲਣ-ਪੋਸ਼ਣ ਵਾਸਤੇ ਛੱਡ ਦਿੱਤਾ ਸੀ। ਕਈ ਸਾਲ ਇਕੱਲਤਾ ਕੱਟਣ ਤੋਂ ਬਾਅਦ ਭਾਵੇਂ ਉਨ੍ਹਾਂ ਦੀ ਪਰਮਾਨੈਂਟ ਰੈਜ਼ੀਡੈਂਸੀ ਪਿਛਲੇ ਸਾਲ ਹੋ ਗਈ ਸੀ ਅਤੇ ਹੁਣ ਉਹ ਆਪਣੇ ਪੁੱਤਰ ਨੂੰ ਨਿਊਜ਼ੀਲੈਂਡ ਲਿਆਉਣ ਚਾਹੁੰਦੇ ਹਨ। ਹਾਲਾਤ ਇਹ ਹਨ ਹੈ ਕਿ ਦਲਜੀਤ ਸਿੰਘ ਕਰੀਬ ਛੇ ਸਾਲ ਤੋਂ ਆਪਣੇ ਪੁੱਤਰ ਨੂੰ ਨਹੀਂ ਮਿਲ ਸਕਿਆ ਅਤੇ ਰਮਨਦੀਪ ਵੀ ਆਪਣੇ ਪੁੱਤਰ ਨੂੰ ਪਿਛਲੇ 4 ਸਾਲਾਂ ਦੌਰਾਨ ਗਲ ਨਹੀਂ ਲਾ ਸਕੀ।
ਇਨ੍ਹਾਂ ਨੇ ਸੋਚਿਆ ਸੀ ਕਿ ਅਪ੍ਰੈਲ `ਚ ਬੱਚੇ ਦਾ ਜਨਮ ਦਿਨ ਨਿਊਜ਼ੀਲੈਂਡ `ਚ ਇਕੱਠੇ ਮਨਾਉਣਗੇ। ਜਿਸ ਕਰਕੇ ਪਿਛਲੇ ਮਹੀਨੇ ਕੁੱਝ ਜ਼ਰੂਰੀ ਡਾਕੂਮੈਂਟਸ ‘ਐਨਜ਼ੈੱਡ ਪੋਸਟ’ ਰਾਹੀਂ ਇੰਡੀਆ ਭੇਜੇ ਸਨ ਤਾਂ ਬੱਚੇ ਦਾ ਪਾਸਪੋਰਟ ਸਮੇਂ ਸਿਰ ਰੀਨਿਊ ਹੋ ਸਕੇ। ਪਰ ਕਿਸੇ ਵਜ੍ਹਾ ਕਾਰਨ ‘ਸਿੰਗਪੋਰ’ `ਚ ਡਾਕ ਰੁਕੀ ਪਈ ਹੈ। ਜਿਸ ਕਰਕੇ ਉਨ੍ਹਾਂ ਨੂੰ ਡਰ ਹੈ ਕਿ ਜੇ ਇੱਕ ਦੋ ਦਿਨਾਂ ਤੱਕ ਡਾਕੂਮੈਂਟਸ ਘਰ ਨਾ ਪਹੁੰਚੇ ਤਾਂ ਪਾਸਪੋਰਟ ਦਫ਼ਤਰ ਤੋਂ 3 ਜਨਵਰੀ ਵਾਲੀ ਅਪਾਇੰਟਮੈਂਟ ਵੀ ਲੰਘ ਜਾਵੇਗੀ। ਜਿਸ ਕਰਕੇ ਦੁਬਾਰਾ ਅਪਾਇੰਟਮੈਂਟ ਲੈਣੀ ਪਵੇਗੀ ਤੇ ਪਾਸਪੋਰਟ ਰੀਨਿਊ ਕਰਾਉਣ `ਚ ਹੋਰ ਵੀ ਦੇਰੀ ਹੋ ਜਾਵੇਗੀ ਤੇ ਅਪ੍ਰੈਲ ਤੱਕ ਬੱਚੇ ਦੇ ਜਨਮ ਤੱਕ ਬੱਚਾ ਨਿਊਜ਼ੀਲੈਂਡ ਨਹੀਂ ਪਹੁੰਚ ਸਕੇਗਾ।
ਦੂਜੇ ਪਾਸੇ, ‘ਐਨਜ਼ੈੱਡ ਪੋਸਟ’ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਪੀੜਿਤ ਪਰਿਵਾਰ ਨਾਲ ਰਾਬਤਾ ਬਣਿਆ ਹੋਇਆ ਹੈ ਅਤੇ ਡਾਕੂਮੈਂਟਸ ਛੇਤੀ ਤੋਂ ਛੇਤੀ ਦਿੱਤੇ ਪਤੇ `ਤੇ ਭਿਜਵਾਉਣ ਲਈ ਯਤਨ ਕਰ ਰਹੇ ਹਨ।
ਸਰੋਤ : ਸਟੱਫ ਮੀਡੀਆ