‘ਮਨੁੱਖੀ ਤਸਕਰੀ’ ਦਾ ਸ਼ੱਕ, ਫ਼ਰਾਂਸ ਨੇ 300 ਭਾਰਤੀ ਮੁਸਾਫ਼ਰਾਂ ਨੂੰ ਹਿਰਾਸਤ ’ਚ ਲਿਆ, ਬਹੁਤੇ ਪੰਜਾਬੀ ਅਤੇ ਗੁਜਰਾਤੀ ਪਿੰਡ ਵਾਸੀ (Plane Detained on Vatry airport)

ਮੈਲਬਰਨ: 303 ਭਾਰਤੀ ਮੁਸਾਫ਼ਰਾਂ ਨਾਲ ਲੱਦੇ ਇਕ ਹਵਾਈ ਜਹਾਜ਼ ਨੂੰ ਫਰਾਂਸ ਦੇ ਵਟਰੀ ਹਵਾਈ ਅੱਡੇ (Vatry airport) ‘ਤੇ ਫ਼ਿਊਲ ਭਰਨ ਦੌਰਾਨ ਰੋਕ ਲਿਆ ਗਿਆ। ਇਹ ਸਾਰੇ ਸੈਰ-ਸਪਾਟੇ ਬਹਾਨੇ ਦੁਬਈ ਤੋਂ ਕੇਂਦਰੀ ਅਮਰੀਕੀ ਦੇਸ਼ ਨਿਕਾਰਾਗੁਆ ਜਾ ਰਹੇ ਸਨ। ਰੋਮਾਨੀਆ ਦੀ ਕੰਪਨੀ ਲੀਜੈਂਡ ਏਅਰਲਾਈਨਜ਼ ਵੱਲੋਂ ਸੰਚਾਲਿਤ ਇਸ ਜਹਾਜ਼ ਨੂੰ ਮਨੁੱਖੀ ਤਸਕਰੀ ਦੇ ਸ਼ੱਕ ਕਾਰਨ ਅੱਗੇ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ ਹੈ। ਇਸ ਬਾਰੇ ਪੈਰਿਸ ਵਿਚ ਭਾਰਤੀ ਅੰਬੈਸੀ ਨੂੰ ਈ-ਮੇਲ ਰਾਹੀਂ ਨੂੰ ਸੂਚਿਤ ਕੀਤਾ ਗਿਆ ਅਤੇ ਮੁਸਾਫ਼ਰਾਂ ਤੱਕ ਕੌਂਸਲਰ ਪਹੁੰਚ ਦਿੱਤੀ ਗਈ। ਹਿਰਾਸਤ ਵਿੱਚ ਲਏ ਗਏ ਮੁਸਾਫ਼ਰਾਂ ਨੂੰ ਮਿਲਣ ਲਈ ਇੱਕ ਟੀਮ ਭੇਜੀ ਗਈ ਹੈ।

ਸਰਕਾਰੀ ਸੂਤਰਾਂ ਅਨੁਸਾਰ ਮੁਸਾਫ਼ਰਾਂ ’ਚੋਂ ਬਹੁਤੇ ਪੰਜਾਬ ਅਤੇ ਗੁਜਰਾਤ ਦੇ ਗ਼ਰੀਬ ਪਿੰਡ ਵਾਸੀ ਹਨ। ਸੂਤਰਾਂ ਅਨੁਸਾਰ ਇਹ ਸਾਰੇ ਨਿਕਾਰਾਗੁਆ ਤੋਂ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ’ਚ ਸਨ, ਜੋ ਮੈਕਸੀਕੋ ਵਾਲੇ ਪਾਸੇ ਰਾਹ ਬੰਦ ਹੋਣ ਤੋਂ ਬਾਅਦ ਇੱਕ ਪ੍ਰਸਿੱਧ ਗੈਰ-ਕਾਨੂੰਨੀ ਰਸਤਾ ਹੈ। ਭਾਰਤੀ ਅਧਿਕਾਰੀ ਦੋਸ਼ਾਂ ਅਤੇ ਕੈਦ ਤੋਂ ਬਚਣ ਲਈ ਇਨ੍ਹਾਂ ਮੁਸਾਫ਼ਰਾਂ ਨੂੰ ਡੀਪੋਰਟ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਭਾਰਤ ਨੇ ਫ਼ਰਾਂਸ ਦੇ ਰਾਸ਼ਟਰਪਤੀ ਨੂੰ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਬਣਨ ਦਾ ਸੱਦਾ ਦਿੱਤਾ ਹੈ।

ਇਹ ਹਿਰਾਸਤ ਇੱਕ ਗੁੰਮਨਾਮ ਸੂਚਨਾ ਤੋਂ ਬਾਅਦ ਹੋਈ ਜਿਸ ਵਿੱਚ ਸੁਝਾਅ ਦਿੱਤਾ ਗਿਆ ਸੀ ਕਿ ਯਾਤਰੀ ਮਨੁੱਖੀ ਤਸਕਰੀ ਦੇ ਸ਼ਿਕਾਰ ਹੋ ਸਕਦੇ ਹਨ। ਇਸ ਮਾਮਲੇ ਦੀ ਜਾਂਚ ਰਾਸ਼ਟਰੀ ਸੰਗਠਿਤ ਅਪਰਾਧ ਵਿਰੋਧੀ ਇਕਾਈ ਜੁਨਾਲਕੋ ਨੇ ਆਪਣੇ ਹੱਥ ‘ਚ ਲੈ ਲਈ ਹੈ। ਫਰਾਂਸ ‘ਚ ਭਾਰਤੀ ਦੂਤਘਰ ਮੁਸਾਫ਼ਰਾਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਂਦੇ ਹੋਏ ਸਥਿਤੀ ਦੀ ਜਾਂਚ ਕਰ ਰਿਹਾ ਹੈ।