‘ਮੈਂ ਤਾਂ ਕੋਈ ਜੁਰਮ ਵੀ ਨਹੀਂ ਕੀਤਾ, ਮੇਰੀ ਰਿਹਾਈ ਕਿਉਂ ਨਹੀਂ’, 11 ਸਾਲਾਂ ਤੋਂ ਨਜ਼ਰਬੰਦ ਅਬਦੇਲਤੀਫ਼ ਨੇ ਮੰਗਿਆ ਜਵਾਬ

ਮੈਲਬਰਨ: ਸਈਦ ਅਬਦੇਲਤੀਫ਼ ਪਿਛਲੇ 11 ਸਾਲਾਂ ਤੋਂ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਡਿਟੈਂਸ਼ਨ ਸਿਸਟਮ ‘ਚ ਹੈ। ਨਵੰਬਰ ਵਿਚ ਹਾਈ ਕੋਰਟ ਨੇ ਫੈਸਲਾ ਦਿੱਤਾ ਸੀ ਕਿ ਅਣਮਿੱਥੇ ਸਮੇਂ ਲਈ ਇਮੀਗ੍ਰੇਸ਼ਨ ਹਿਰਾਸਤ ਗੈਰਕਾਨੂੰਨੀ ਅਤੇ ਗੈਰ-ਸੰਵਿਧਾਨਕ ਹੈ, ਜਿਸ ਦੇ ਨਤੀਜੇ ਵਜੋਂ ਲਗਭਗ 150 ਨਜ਼ਰਬੰਦਾਂ ਨੂੰ ਰਿਹਾਅ ਕੀਤਾ ਗਿਆ ਸੀ, ਪਰ ਮਿਸਰ ਤੋਂ ਸ਼ਰਨ ਮੰਗਣ ਲਈ ਆਇਆ ਅਬਦੇਲਤੀਫ ਉਨ੍ਹਾਂ ਵਿਚ ਸ਼ਾਮਲ ਨਹੀਂ ਸੀ।

ਮੀਡੀਆ ਨਾਲ ਗੱਲਬਾਤ ਕਰਦਿਆਂ ਅਬਦੇਲਤੀਫ਼ ਨੇ ਕਿਹਾ, ‘‘ਹਰ ਕ੍ਰਿਸਮਸ ਦੇ ਤਿਓਹਾਰ ਮੌਕੇ ਮੈਨੂੰ ਲਗਦਾ ਹੈ ਮੇਰੀ ਰਿਹਾਈ ਹੋਣ ਵਾਲੀ ਹੈ, ਪਰ ਹਰ ਵਾਰੀ ਨਿਰਾਸ਼ਾ ਹੱਥ ਲਗਦੀ ਹੈ। 8 ਨਵੰਬਰ ਤੋਂ ਬਾਅਦ ਤਾਂ ਮੈਨੂੰ ਬਹੁਤ ਬੇਇਨਸਾਫ਼ੀ ਮਹਿਸੂਸ ਹੋਈ। ਮੈਂ ਆਸਟ੍ਰੇਲੀਆ ਅੰਦਰ ਜਾਂ ਬਾਹਰ ਕੋਈ ਜੁਰਮ ਵੀ ਨਹੀਂ ਕੀਤਾ, ਨਾ ਹੀ ਮੈਂ ਆਸਟ੍ਰੇਲੀਆ ਦੇ ਲੋਕਾਂ ਲਈ ਕੋਈ ਖ਼ਤਰਾ ਹਾਂ। ਫਿਰ ਵੀ ਮੈਂ ਜੇਲ੍ਹ ’ਚ ਬੰਦ ਹਾਂ।’’

ਇਹੀ ਨਹੀਂ ਜੁਲਾਈ 2023 ਵਿੱਚ ਖੁਫੀਆ ਏਜੰਸੀ ASIO ਵੱਲੋਂ ਮੁਲਾਂਕਣ ਤੋਂ ਬਾਅਦ ਕਹਿ ਦਿੱਤਾ ਗਿਆ ਸੀ ਕਿ ਸੁਰੱਖਿਆ ਜੋਖਮ ਵਜੋਂ ਉਸ ਬਾਰੇ ਕੋਈ ਚਿੰਤਾ ਨਹੀਂ ਹੈ। ਉਸ ਦੇ ਕੇਸ ਦੀ ਸੁਣਵਾਈ 15 ਦਸੰਬਰ ਨੂੰ ਹੋਣ ਵਾਲੀ ਸੀ, ਪਰ ਇਸ ਨੂੰ ਸੂਚੀ ਤੋਂ ਹਟਾ ਦਿੱਤਾ ਗਿਆ, ਜਿਸ ਦੀ ਸੁਣਵਾਈ 2024 ਲਈ ਨਿਰਧਾਰਤ ਕੀਤੀ ਗਈ ਸੀ। ਅਬਦੇਲਤੀਫ਼ ਲਈ ਇਹ ਇਕ ਹੋਰ ਝਟਕਾ ਹੈ, ਜਿਸ ਨੂੰ ਡਰ ਹੈ ਕਿ ਉਸ ਦੇ ਪਰਿਵਾਰ ਨੇ ਉਸ ਦੀ ਰਿਹਾਈ ਦੀ ਉਮੀਦ ਛੱਡ ਦਿੱਤੀ ਹੈ।

ਅਬਦੇਲਤੀਫ਼ ਦੀ ਹੱਡਬੀਤੀ

ਅਬਦੇਲਤੀਫ਼ ਅਤੇ ਉਸ ਦਾ ਪਰਿਵਾਰ ਮਿਸਰ ਤੋਂ ਜਲਾਵਤਨ ਹੋਣ ਤੋਂ ਬਾਅਦ ਪਨਾਹ ਮੰਗਣ ਲਈ 2012 ਵਿਚ ਆਸਟ੍ਰੇਲੀਆ ਆਏ ਸਨ। ਉਸ ਨੂੰ ਸਿਡਨੀ ਦੇ ਵਿਲਾਵੁੱਡ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਦੇ ਨਜ਼ਰਬੰਦੀ ਕੇਂਦਰ ਵਿਚ ਰੱਖਿਆ ਗਿਆ ਹੈ। 52 ਸਾਲ ਦਾ ਅਬਦੇਲਤੀਫ਼ 1992 ਵਿੱਚ ਅਲਬਾਨੀਆ ਇੱਕ ਇਸਲਾਮਿਕ ਰਾਹਤ ਸੰਗਠਨ ਨਾਲ ਕੰਮ ਕਰਨ ਲਈ ਗਿਆ ਸੀ। ਪਰ ਇਹ ਉਸ ਲਈ ਮਹਿੰਗਾ ਸਾਬਤ ਹੋਇਆ ਕਿਉਂਕਿ ਮਿਸਰ ਦੀ ਸਰਕਾਰ ਨੇ ਉਸ ਦੀ ਗ਼ੈਰਹਾਜ਼ਰੀ ’ਚ ਹੀ ਉਸ ’ਤੇ ਵੀ ਅੱਤਵਾਦੀ ਗਤੀਵਿਧੀਆਂ ਦੇ ਸ਼ੱਕੀ 106 ਹੋਰ ਲੋਕਾਂ ਦੇ ਨਾਲ ਮੁਕੱਦਮਾ ਸ਼ੁਰੂ ਕਰ ਦਿੱਤਾ। ਉਸ ਦੀ ਪਤਨੀ ਅਤੇ ਛੇ ਬੱਚੇ, ਜਿਨ੍ਹਾਂ ਨੂੰ ਵੀ ਰਿਹਾਅ ਕਰਨ ਤੋਂ ਪਹਿਲਾਂ ਚਾਰ ਸਾਲਾਂ ਲਈ ਉਸ ਦੇ ਨਾਲ ਹਿਰਾਸਤ ਵਿੱਚ ਰੱਖਿਆ ਗਿਆ ਸੀ, ਸਥਿਤੀ ਤੋਂ ਬਹੁਤ ਪ੍ਰਭਾਵਿਤ ਹਨ। ਅਬਦੇਲਤੀਫ ਦਾ ਸਭ ਤੋਂ ਛੋਟਾ ਬੇਟਾ ਡੇਢ ਸਾਲ ਦਾ ਸੀ ਜਦੋਂ ਉਹ ਆਸਟ੍ਰੇਲੀਆ ਆਇਆ ਸੀ ਅਤੇ ਹੁਣ ਸਾਢੇ 13 ਸਾਲ ਦਾ ਹੈ।