Airbnb ’ਤੇ 150 ਲੱਖ ਡਾਲਰ ਦਾ ਜੁਰਮਾਨਾ, ਜਾਣੋ ਕਿਸ ਤਰ੍ਹਾਂ ਠੱਗੇ ਜਾ ਰਹੇ ਸਨ ਕਿਰਾਏਦਾਰ ਗਾਹਕ

ਮੈਲਬਰਨ: ਆਸਟ੍ਰੇਲੀਆ ਦੀ ਇਕ ਅਦਾਲਤ ਨੇ Airbnb ਨੂੰ 150 ਲੱਖ ਆਸਟ੍ਰੇਲੀਆਈ ਡਾਲਰ ਦਾ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਹੈ। ਇਸ ਤੋਂ ਇਲਾਵਾ ਕਿਰਾਏ ‘ਤੇ ਰਿਹਾਇਸ਼ੀ ਸਹੂਲਤ ਪ੍ਰਦਾਨ ਕਰਨ ਵਾਲੀ ਇਸ ਕੰਪਨੀ ਨੂੰ ਆਪਣੇ ਗਾਹਕਾਂ ਨੂੰ ਮੁਆਵਜ਼ਾ ਦੇਣ ਲਈ ਵੀ ਇੰਨੀ ਹੀ ਰਕਮ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਕੰਪਨੀ ’ਤੇ ਦੋਸ਼ ਹੈ ਕਿ ਉਸ ਨੇ ਆਪਣੇ ਗ੍ਰਾਹਕਾਂ ਨੂੰ ਇਹ ਨਹੀਂ ਦੱਸਿਆ ਸੀ ਕਿ ਉਨ੍ਹਾਂ ਤੋਂ ਅਮਰੀਕੀ ਡਾਲਰਾਂ ‘ਚ ਕਿਰਾਇਆ ਵਸੂਲਿਆ ਜਾਣਾ ਹੈ ਨਾ ਕਿ ਆਸਟ੍ਰੇਲੀਆਈ ਡਾਲਰ ‘ਚ।

Airbnb ਨੇ ਜਨਵਰੀ 2018 ਅਤੇ ਅਗਸਤ 2021 ਦੇ ਵਿਚਕਾਰ ਆਸਟ੍ਰੇਲੀਆਈ ਗਾਹਕਾਂ ਨੂੰ ਗਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਪ੍ਰਦਾਨ ਕਰਨ ਦੀ ਗੱਲ ਮਨਜ਼ੂਰ ਕੀਤੀ ਕਿ ਆਸਟ੍ਰੇਲੀਆ ਵਿੱਚ ਰਿਹਾਇਸ਼ ਲਈ ਉਸ ਦੇ ਪਲੇਟਫਾਰਮ ‘ਤੇ ਦਿਖਾਈਆਂ ਗਈਆਂ ਕੀਮਤਾਂ ਆਸਟ੍ਰੇਲੀਆਈ ਡਾਲਰਾਂ ਵਿੱਚ ਸਨ। ਹਾਲਾਂਕਿ ਲਗਭਗ 63,000 ਗਾਹਕਾਂ ਲਈ ਕੀਮਤਾਂ ਅਮਰੀਕੀ ਡਾਲਰ ਵਿੱਚ ਸਨ।

ਆਸਟ੍ਰੇਲੀਆਈ ਡਾਲਰ ਦੀ ਕੀਮਤ ਅਮਰੀਕੀ ਕਰੰਸੀ ਨਾਲੋਂ ਘੱਟ ਹੈ। ਫੈਡਰਲ ਕੋਰਟ ਦੇ ਜੱਜ ਬ੍ਰੈਂਡਨ ਮੈਕਐਲਵਿਨ ਨੇ Airbnb ਨੂੰ ਆਸਟ੍ਰੇਲੀਆਈ ਖਪਤਕਾਰ ਕਾਨੂੰਨ ਦੀ ਉਲੰਘਣਾ ਕਰਨ ਲਈ 30 ਦਿਨਾਂ ਦੇ ਅੰਦਰ ਜੁਰਮਾਨੇ ਵਜੋਂ 150 ਲੱਖ ਆਸਟ੍ਰੇਲੀਆਈ ਡਾਲਰ ਅਤੇ ਮੁਕੱਦਮੇ ਦੀ ਲਾਗਤ ਵਜੋਂ 4 ਲੱਖ ਡਾਲਰ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ।