ਸਿਡਨੀ ‘ਚ ਕੱਟੜਪੰਥੀ ਮੌਲਵੀ ਨੇ ਪੱਛਮੀ ਮੁਲਕਾਂ ਵਿਰੁੱਧ ਲੜਨ ਲਈ ਦਿੱਤਾ ਮੁਸਲਿਮ ਆਰਮੀ ਬਣਾਉਣ ਦਾ ਸੱਦਾ (Sydney cleric calls for Muslim army)

ਮੈਲਬਰਨ: ਬ੍ਰਦਰ ਮੁਹੰਮਦ ਦੇ ਨਾਂ ਨਾਲ ਜਾਣੇ ਜਾਂਦੇ ਇਕ ਇਸਲਾਮਿਕ ਮੌਲਵੀ ਨੇ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਇਕਜੁੱਟ ਹੋਣ ਅਤੇ ਪੱਛਮੀ ਮੁਲਕਾਂ ਵਿਰੁੱਧ ਇਸਲਾਮਿਕ ਦੇਸ਼ਾਂ ਦੀ ਰਾਖੀ ਲਈ ਇਕ ਫੌਜ (Muslim army) ਸਥਾਪਤ ਕਰਨ ਦਾ ਸੱਦਾ ਦਿੱਤਾ ਹੈ। ਉਸ ਨੇ ਇਹ ਟਿੱਪਣੀਆਂ ਸਿਡਨੀ ਦੇ ਬੈਂਕਸਟਾਊਨ ਵਿਚ ਅਲ ਮਦੀਨਾ ਦਾਵਾ ਸੈਂਟਰ ਵਿਚ ਗਾਜ਼ਾ ’ਚ ਚੱਲ ਰਹੀ ਜੰਗ ਬਾਰੇ ਇਕ ਉਪਦੇਸ਼ ਦਿੰਦਿਆਂ ਕੀਤੀਆਂ।

ਉਸ ਨੇ ‘ਅੰਤਿਮ ਹੱਲ’ (The final solution) ਸ਼ਬਦ ਦੀ ਵਰਤੋਂ ਕੀਤੀ, ਜਿਸ ਦੀ ਵਰਤੋਂ ਨਾਜ਼ੀਆਂ ਨੇ ਦੂਜੀ ਵਿਸ਼ਵ ਜੰਗ ਦੌਰਾਨ ਯਹੂਦੀ ਲੋਕਾਂ ਨੂੰ ਖਤਮ ਕਰਨ ਦੀ ਆਪਣੀ ਨੀਤੀ ਦਾ ਵਰਣਨ ਕਰਨ ਲਈ ਕੀਤੀ ਸੀ। ਮੌਲਵੀ ਨੇ ਮੁਸਲਿਮ ਜਗਤ ਨੂੰ ਇਕ ਨੇਤਾ ਦੇ ਅਧੀਨ ਇਕਜੁੱਟ ਹੋਣ ਦਾ ਸੱਦਾ ਦਿੱਤਾ ਜੋ ਅੱਲ੍ਹਾ ਦੀ ਸ਼ਰੀਆ ਨੂੰ ਲਾਗੂ ਕਰਦਾ ਹੈ ਅਤੇ ਇਸਲਾਮਿਕ ਧਰਤੀ ਦੀ ਰਾਖੀ ਲਈ ਮੁਸਲਿਮ ਫੌਜਾਂ ਭੇਜਦਾ ਹੈ। ਉਸ ਨੇ ਗਾਜ਼ਾ ਦੀ ਸਥਿਤੀ ਦੀ ਤੁਲਨਾ ਮੁਸਲਿਮ ਆਬਾਦੀ ਨਾਲ ਜੁੜੇ ਹੋਰ ਸੰਘਰਸ਼ਾਂ, ਜਿਵੇਂ ਕਿ ਸੀਰੀਆ, ਚੇਚਨਿਆ ਅਤੇ ਬੋਸਨੀਆ ਨਾਲ ਕੀਤੀ।

ਸਟੇਟ ਅਤੇ ਫ਼ੈਡਰਲ ਪੁਲਿਸ ਨੇ ਸਿਡਨੀ ਵਿਚ ਵੱਖ-ਵੱਖ ਯਹੂਦੀ ਵਿਰੋਧੀ ਉਪਦੇਸ਼ਾਂ ਦੀ ਜਾਂਚ ਇਹ ਕਹਿ ਕੇ ਬੰਦ ਕਰ ਦਿੱਤੀ ਹੈ ਕਿ ਪ੍ਰਚਾਰਕਾਂ ਦੇ ਜੇਹਾਦ ਦੇ ਸੱਦੇ ਅਪਰਾਧਿਕ ਸੀਮਾ ਨੂੰ ਪੂਰਾ ਨਹੀਂ ਕਰਦੇ।

ਬੈਂਕਸਟਾਊਨ ਵਿਚ ਇਸਲਾਮਿਕ ਸੈਂਟਰ ਪਿਛਲੇ ਮਹੀਨੇ ਵੀ ਸੁਰਖੀਆਂ ਵਿਚ ਆਇਆ ਸੀ ਜਦੋਂ ਇਕ ਹੋਰ ਮੁਸਲਿਮ ਮੌਲਵੀ, ਜਿਸ ਨੂੰ ਅਬੂ ਓਸੈਦ ਜਾਂ ਵਿਸਮ ਹਦਾਦ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਨੇ ਆਪਣੇ ਪੈਰੋਕਾਰਾਂ ਨੂੰ ‘ਯਹੂਦੀਆਂ ਨੂੰ ਮਾਰਨ’ ਲਈ ਕਿਹਾ ਸੀ। ਉਹ ਪਹਿਲਾਂ ਬੈਂਕਸਟਾਊਨ ਵਿੱਚ ਅਲ-ਰਿਸਾਲਾਹ ਇਸਲਾਮਿਕ ਸੈਂਟਰ ਚਲਾਉਂਦਾ ਸੀ, ਜਿਸ ਨੇ ਕੱਟੜਪੰਥੀ ਵਿਚਾਰਧਾਰਾ ਨੂੰ ਉਤਸ਼ਾਹਤ ਕਰਨ ਅਤੇ ਸੀਰੀਆ ਵਿੱਚ ਲੜਨ ਲਈ ਆਸਟ੍ਰੇਲੀਆਈ ’ਚ ਮੁਸਲਮਾਨਾਂ ਦੀ ਭਰਤੀ ਕਰਨ ਲਈ ਪ੍ਰਸਿੱਧੀ ਪ੍ਰਾਪਤ ਕੀਤੀ ਸੀ।