ਮੈਲਬਰਨ: ਆਸਟ੍ਰੇਲੀਆ ਦੇ ਲੋਕਾਂ ਨੇ ਇੰਡੋਨੇਸ਼ੀਆ ਦੀ ਥਾਂ ਸੈਰ-ਸਪਾਟੇ ਲਈ ਇੱਕ ਨਵੀਂ ਮੰਜ਼ਿਲ ਲੱਭ ਲਈ ਹੈ, ਅਤੇ ਇਹ ਦੇਸ਼ ਦੇ ਹੋਰ ਵੀ ਨੇੜੇ ਸਥਿਤ ਹੈ। Tourism and Transport Forum Australia ਦੇ ਨਵੇਂ ਅੰਕੜਿਆਂ ਅਨੁਸਾਰ ਨਿਊਜ਼ੀਲੈਂਡ ਛੁੱਟੀਆਂ ਦਾ ਸਭ ਤੋਂ ਪਸੰਦੀਦਾ ਸਥਾਨ ਬਣ ਗਿਆ ਹੈ। ਗੁਆਂਢੀ ਟਾਪੂ ਦੇਸ਼ ਤੋਂ ਬਾਅਦ ਯੂਰਪ, ਜਾਪਾਨ, ਥਾਈਲੈਂਡ, ਸਿੰਗਾਪੁਰ ਅਤੇ ਮਲੇਸ਼ੀਆ ਦਾ ਨੰਬਰ ਆਉਂਦਾ ਹੈ। ਬਾਲੀ ਆਖਰੀ ਸਥਾਨ ’ਤੇ ਰਿਹਾ। ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਨੇ ਸੈਲਾਨੀਆਂ ਦੇ ਮਾੜੇ ਵਿਵਹਾਰ ‘ਤੇ ਨਕੇਲ ਕੱਸਣ ਲਈ ਨਵੇਂ ਨਿਯਮ ਜਾਰੀ ਕੀਤੇ ਹਨ।
ਕੋਵਿਡ-19 ਮਹਾਮਾਰੀ ਦੇ ਅਸਰ ਤੋਂ ਟੂਰਿਜ਼ਮ ਉਦਯੋਗ ਦੇ ਬਾਹਰ ਨਿਕਲਣ ਨਾਲ ਪਿਛਲੀਆਂ ਗਰਮੀਆਂ ਤੋਂ ਵਿਦੇਸ਼ ਯਾਤਰਾ ਕਰਨ ਵਾਲੇ ਆਸਟ੍ਰੇਲੀਆਈ ਲੋਕਾਂ ਦੀ ਗਿਣਤੀ 6.5 ਤੋਂ ਵਧ ਕੇ 14 ਫੀਸਦੀ ਹੋ ਗਈ ਹੈ। ਇਸ ਦੌਰਾਨ ਆਸਟ੍ਰੇਲੀਆ ਅੰਦਰ ਸਫ਼ਰ ਵਿੱਚ ਵੀ 18 ਤੋਂ 26 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ, ਜਿਸ ਵਿੱਚ ਗੋਲਡ ਕੋਸਟ ਸਭ ਤੋਂ ਮਨਪਸੰਦ ਮੰਜ਼ਿਲ ਰਹੀ।
ਟੂਰਿਜ਼ਮ ਐਂਡ ਟਰਾਂਸਪੋਰਟ ਫੋਰਮ ਦੇ ਮੁੱਖ ਕਾਰਜਕਾਰੀ ਮਾਰਗੀ ਓਸਮੰਡ ਨੇ ਕਿਹਾ ਕਿ ਦੇਸ਼ ਭਰ ‘ਚ ਰਹਿਣ ਦੀ ਲਾਗਤ ਦੇ ਸੰਕਟ ਦੇ ਬਾਵਜੂਦ 75 ਫੀਸਦੀ ਆਸਟ੍ਰੇਲੀਆਈ ਲੋਕਾਂ ਨੇ ਇਸ ਗਰਮੀਆਂ ‘ਚ ਵਿਦੇਸ਼ ਅਤੇ ਅੰਤਰਰਾਜੀ ਯਾਤਰਾ ਕਰਨ ਲਈ ਬੁਕਿੰਗ ਕਰਵਾਈ ਹੈ। ਹਾਲਾਂਕਿ ਮਹਿੰਗਾਈ ਕਾਰਨ ਲੋਕ ਆਪਣੀ ਯਾਤਰਾ ਨੂੰ ਛੋਟਾ ਕਰ ਰਹੇ ਹਨ ਜਾਂ ਸਸਤੇ ਹੋਟਲਾਂ ’ਚ ਰਹਿਣ ਦਾ ਪ੍ਰਬੰਧ ਕਰ ਰਹੇ ਹਨ। ਓਸਮੰਡ ਨੇ ਕਿਹਾ ਕਿ ਜਦੋਂ ਗੈਰ-ਜ਼ਰੂਰੀ ਖਰਚਿਆਂ ਦੀ ਗੱਲ ਆਉਂਦੀ ਹੈ ਤਾਂ ਆਸਟ੍ਰੇਲੀਆਈ ਲੋਕਾਂ ਨੇ ਯਾਤਰਾ ਅਤੇ ਛੁੱਟੀਆਂ ਨੂੰ ਆਪਣੀ ਪਹਿਲੀ ਤਰਜੀਹ ਦੇ ਤੌਰ ‘ਤੇ ਦਰਜਾ ਦਿੱਤਾ ਹੈ, ਜੋ ਦਰਸਾਉਂਦਾ ਹੈ ਕਿ ਆਸਟ੍ਰੇਲੀਆਈ ਲੋਕਾਂ ਲਈ ਦੋਸਤਾਂ ਜਾਂ ਪਰਿਵਾਰ ਨਾਲ ਯਾਤਰਾ ਦਾ ਅਨੰਦ ਲੈਣਾ ਕਿੰਨਾ ਮਹੱਤਵਪੂਰਨ ਹੈ।