ਕੁਈਨਜ਼ਲੈਂਡ ’ਚ ਤੂਫ਼ਾਨ (Cyclone Jasper) ਨੇ ਮਚਾਈ ਤਬਾਹੀ, 15 ਹਜ਼ਾਰ ਲੋਕ ਅਜੇ ਵੀ ਬਿਜਲੀ ਤੋਂ ਬਗ਼ੈਰ, ਹੁਣ ਇਨ੍ਹਾਂ ਖ਼ਤਰਿਆਂ ਦੀ ਚੇਤਾਵਨੀ ਜਾਰੀ

ਮੈਲਬਰਨ: ਨਾਰਥ ਕੁਈਨਜ਼ਲੈਂਡ ‘ਚ ਚੱਕਰਵਾਤੀ ਤੂਫਾਨ ਜੈਸਪਰ (Cyclone Jasper) ਵੱਲੋਂ ਤਬਾਹੀ ਮਚਾਉਣ ਤੋਂ ਬਾਅਦ ਕਈ ਹੋਰ ਦਿਨ ਮੀਂਹ ਪੈਣ ਅਤੇ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਭਵਿੱਖਬਾਣੀ ਹੈ। ਲਗਾਤਾਰ ਮੀਂਹ ਕਾਰਨ ਹੁਣ ਹੜ੍ਹਾਂ ਦੇ ਖ਼ਤਰੇ ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ। ਤੂਫ਼ਾਨ ਨੇ ਸਟੇਟ ਦੀ ਬਿਜਲੀ ਦੀਆਂ ਤਾਰਾਂ ਨੂੰ ਤੋੜ ਦਿੱਤਾ ਹੈ ਅਤੇ 15,000 ਤੋਂ ਵੱਧ ਲੋਕ ਅਜੇ ਵੀ ਬਿਜਲੀ ਤੋਂ ਵਾਂਝੇ ਹਨ। ਇੱਕ ਸਮੇਂ 45 ਹਜ਼ਾਰ ਲੋਕ ਬਗ਼ੈਰ ਬਿਜਲੀ ਤੋਂ ਦੱਸੇ ਜਾ ਰਹੇ ਸਨ।

ਸੜ੍ਹਕਾਂ ਦੇ ਪਾਣੀ ’ਚ ਡੁੱਬੇ ਹੋਣ ਕਾਰਨ ਸ਼ਹਿਰਾਂ ਤੱਕ ਪਹੁੰਚਣਾ ਲਗਭਗ ਅਸੰਭਵ ਹੈ। ਸ਼੍ਰੇਣੀ 2 ਦੇ ਤੂਫ਼ਾਨ ਬੁੱਧਵਾਰ ਰਾਤ ਨੂੰ ਕੇਅਰਨਜ਼ ਦੇ ਉੱਤਰ ਵਿਚ ਕੁਈਨਜ਼ਲੈਂਡ ਦੇ ਸਮੁੰਦਰੀ ਕੰਢੇ ਨਾਲ ਟਕਰਾਇਆ ਸੀ ਅਤੇ ਹੌਲੀ ਹੌਲੀ ਕਾਰਪੈਂਟਾਰੀਆ ਦੀ ਖਾੜੀ ਵੱਲ ਵਧਦੇ ਹੋਏ ਕਮਜ਼ੋਰ ਹੋ ਗਿਆ। ਇਸ ਦੇ ਅਗਲੇ ਹਫਤੇ ਦੇ ਅੱਧ ਤਕ ਦੁਬਾਰਾ ਚੱਕਰਵਾਤ ਵਿੱਚ ਬਦਲਣ ਦਾ ਇੱਕ ਦਰਮਿਆਨਾ ਖ਼ਤਰਾ ਵੀ ਹੈ।

ਇਨ੍ਹਾਂ ਥਾਵਾਂ ’ਤੇ ਹੜ੍ਹਾਂ ਦਾ ਖ਼ਤਰਾ ਜਾਰੀ

ਉੱਤਰੀ ਟਰੌਪੀਕਲ ਤੱਟ ਅਤੇ ਟੇਬਲਲੈਂਡਜ਼ ਦੇ ਵੱਡੇ ਹਿੱਸਿਆਂ ਦੇ ਨਾਲ-ਨਾਲ ਪੈਨਿਨਸੁਲਾ ਅਤੇ ਖਾੜੀ ਦੇ ਇਲਾਕਿਆਂ ’ਚ ਹੜ੍ਹ ਆਉਣ ਦਾ ਸਭ ਤੋਂ ਵੱਧ ਖ਼ਤਰਾ ਹੈ। ਪਿਛਲੇ 48 ਘੰਟਿਆਂ ਦੌਰਾਨ ਕੇਅਰਨਜ਼, ਪੋਰਟ ਡਗਲਸ ਅਤੇ ਡੇਨਟ੍ਰੀ ਵਿੱਚ ਸਭ ਤੋਂ ਵੱਧ ਮੀਂਹ ਪਿਆ, ਜਿੱਥੇ 800 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਹੈ। ਡੇਨਟ੍ਰੀ ਨਦੀ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ, ਜੋ ਸ਼ੁੱਕਰਵਾਰ ਸਵੇਰੇ ਨੌਂ ਮੀਟਰ ਦੇ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਸਕਦੀ ਹੈ। ਮੋਸਮੈਨ, ਬੈਰਨ, ਮਲਗ੍ਰੇਵ, ਰਸਲ, ਟਲੀ ਅਤੇ ਮੁਰੇ ਨਦੀਆਂ ਲਈ ਦਰਮਿਆਨੇ ਤੋਂ ਮਾਮੂਲੀ ਹੜ੍ਹਾਂ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ।

ਕੁਈਨਜ਼ਲੈਂਡ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਦੇ ਸਹਾਇਕ ਕਮਿਸ਼ਨਰ ਸਟੀਫਨ ਸਮਿਥ ਨੇ ਕਿਹਾ ਕਿ ਇੱਥੇ ਮੁੱਖ ਸੰਦੇਸ਼ ਇਹ ਹੈ ਕਿ ਖਤਰਾ ਅਜੇ ਖਤਮ ਨਹੀਂ ਹੋਇਆ ਹੈ। ਐਮਰਜੈਂਸੀ ਸੇਵਾਵਾਂ ਵੱਲੋਂ ਸਫਾਈ ਕੀਤੇ ਜਾਣ ਤਕ ਲੋਕਾਂ ਨੂੰ ਹੜ੍ਹ ਦੇ ਪਾਣੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਹੜ੍ਹਾਂ ਦੇ ਪਾਣੀ ’ਚ ਮਗਰਮੱਛ ਅਤੇ ਸੱਪ ਹੋ ਸਕਦੇ ਹਨ।