ਮੈਲਬਰਨ: ਨਵੰਬਰ ਮਹੀਨੇ ਦੌਰਾਨ ਆਸਟ੍ਰੇਲੀਆ ’ਚ ਬੇਰੁਜ਼ਗਾਰੀ ਦੀ ਦਰ (Unemployment Rate) ਵਧ ਕੇ 3.9 ਫ਼ੀ ਸਦੀ ਹੋ ਗਈ ਹੈ। ਹਾਲਾਂਕਿ 60 ਹਜ਼ਾਰ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮਿਲਿਆ ਪਰ 19 ਹਜ਼ਾਰ ਲੋਕ ਬੇਰੁਜ਼ਗਾਰ ਹੋ ਗਏ।
15 ਸਾਲ ਤੋਂ ਵੱਧ ਉਮਰ ਦੇ 67.2 ਫ਼ੀਸਦੀ ਆਸਟ੍ਰੇਲੀਆਈ ਲੋਕ ਇਸ ਵੇਲੇ ਕੰਮ ਕਰ ਰਹੇ ਹਨ ਜਾਂ ਕੰਮ ਦੀ ਤਲਾਸ਼ ਕਰ ਰਹੇ ਹਨ, ਜੋ ਕਿ ਅਕਤੂਬਰ ’ਚ 67 ਫ਼ੀਸਦੀ ਤੋਂ ਵੱਧ ਹੈ। ਨਵੰਬਰ ’ਚ ਪੈਦਾ ਹੋਈਆਂ 61500 ਨੌਕਰੀਆਂ ਬੇਰੁਜ਼ਗਾਰੀ ਦੀ ਦਰ ਨੂੰ 3.8 ਫ਼ੀਸਦੀ ’ਤੇ ਕਾਇਮ ਰੱਖਣ ਲਈ ਨਾਕਾਫ਼ੀ ਰਹੀਆਂ। 3.9 ਫੀ ਬੇਰੁਜ਼ਗਾਰੀ ਦਰ ਮਈ 2022 ਤੋਂ ਬਾਅਦ ਸਭ ਤੋਂ ਜ਼ਿਆਦਾ ਹੈ।
ਇਹੀ ਨਹੀਂ ਮਾਹਰਾਂ ਦੀ ਮੰਨੀਏ ਤਾਂ ਬੇਰੁਜ਼ਗਾਰੀ ਦੀ ਦਰ ਅਗਲੇ ਸਾਲ ਵੀ ਵਧਣੀ ਜਾਰੀ ਰਹਿ ਸਕਦੀ ਹੈ। 2024 ਸਾਲ ਦੇ ਸ਼ੁਰੂ ’ਚ ਬੇਰੁਜ਼ਗਾਰੀ ਦੀ 4 ਫ਼ੀਸਦੀ ਰਹਿਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ, ਜਿਸ ਕਾਰ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਵਿਆਜ ਦਰਾਂ ਨੂੰ ਘੱਟ ਕਰਨ ’ਤੇ ਵਿਚਾਰ ਕਰ ਸਕਦਾ ਹੈ।