ਲੈਬ ’ਚ ਤਿਆਰ ਮੀਟ ਖਾਣ ਲਈ ਸੁਰੱਖਿਅਤ ਕਰਾਰ, ਜਾਣੋ ਕਦੋਂ ਆ ਰਿਹੈ ਬਾਜ਼ਾਰ ’ਚ ਵਿਕਰੀ ਲਈ

ਮੈਲਬਰਨ: ਸਿਡਨੀ ਅਧਾਰਤ ਕੰਪਨੀ Vow ਦੀ ਅਰਜ਼ੀ ਖਪਤਕਾਰਾਂ ਨੂੰ ਲੈਬ ’ਚ ਤਿਆਰ ਕੀਤੇ ਮੀਟ ਵੇਚਣ ਲਈ ਲੋੜੀਂਦੇ ਪਹਿਲੇ ਪੜਾਅ ਨੂੰ ਪਾਰ ਕਰ ਗਈ ਹੈ। ਆਸਟ੍ਰੇਲੀਆ ਦੇ ਫੂਡ ਸੇਫਟੀ ਰੈਗੂਲੇਟਰ ਨੇ ਪ੍ਰਯੋਗਸ਼ਾਲਾ ‘ਚ ਉਗਾਏ ਗਏ ਮੀਟ ਦੇ ਆਪਣੇ ਪਹਿਲੇ ਮੁਲਾਂਕਣ ‘ਚ ਪਾਇਆ ਹੈ ਕਿ ਬਟੇਰ ਦੇ ਸੈੱਲਾਂ ਤੋਂ ਉਗਾਇਆ ਮੀਟ ਖਾਣ ਲਈ ਸੁਰੱਖਿਅਤ ਹੈ। ਇਹ ਮੀਟ ਜਾਨਵਰਾਂ ਨੂੰ ਮਾਰਨ ਦੀ ਬਜਾਏ ਉਨ੍ਹਾਂ ਤੋਂ ਪ੍ਰਾਪਤ ਸੈੱਲਾਂ ਦਾ ‘ਕਲਚਰਡ’ ਵਿਧੀ ਰਾਹੀਂ ਵਿਸਤਾਰ ਕਰ ਕੇ ਬਣਾਇਆ ਜਾਂਦਾ ਹੈ।

ਫੂਡ ਰੈਗੂਲੇਟਰ ਫੂਡ ਸਟੈਂਡਰਡਜ਼ ਆਸਟ੍ਰੇਲੀਆ ਨਿਊਜ਼ੀਲੈਂਡ (FSANZ) ਨੇ ਆਪਣੇ ਮੁਲਾਂਕਣ ਵਿਚ ਕਿਹਾ ਕਿ ਕਲਚਰਡ ਬਟੇਰ ਦਾ ਮਾਸ ਖਾਣ ਨਾਲ ਸਿਹਤ ਜਾਂ ਪੋਸ਼ਣ ਸਬੰਧੀ ਕੋਈ ਖਤਰਾ ਨਹੀਂ ਹੁੰਦਾ, ਇਹ ਭੋਜਨ ਜੈਨੇਟਿਕ ਤੌਰ ’ਤੇ ਸਥਿਰ ਹੈ ਅਤੇ ਬੈਕਟੀਰੀਆ ਨਾਲ ਸਬੰਧਤ ਜੋਖਮ ‘ਬਹੁਤ ਘੱਟ’ ਹਨ। ਇਸ ਦੌਰਾਨ ਰੈਗੂਲੇਟਰ ਨੇ ਲੇਬਲਿੰਗ ‘ਤੇ ‘ਸੈੱਲ-ਕਲਚਰਡ’ ਸ਼ਬਦ ਦੀ ਵਰਤੋਂ ਕਰਨ ਦਾ ਸੁਝਾਅ ਵੀ ਦਿੱਤਾ ਹੈ।

ਹਾਲਾਂਕਿ ਇਸ ਦੇ ਬਾਜ਼ਾਰ ’ਚ ਵਿਕਰੀ ਲਈ ਆਉਣ ’ਤੇ ਅਜੇ ਕਾਫ਼ੀ ਸਮਾਂ ਲੱਗੇਗਾ। ਜਨਤਾ ਹੁਣ FSANZ ਦੇ ਇਸ ਫੈਸਲੇ ’ਤੇ 5 ਫ਼ਰਵਰੀ, 2024 ਤੱਕ ਟਿੱਪਣੀ ਕਰ ਸਕਦੀ ਹੈ। ਟਿੱਪਣੀਆਂ ’ਤੇ ਵਿਚਾਰ ਕਰਨ ਤੋਂ ਬਾਅਦ ਰੈਗੂਲੇਟਰ ਫੈਸਲਾ ਸੁਣਾਉਣਗੇ, ਜਿਸ ਨੂੰ ਅਗਲੇ ਸਾਲ ਜਨਤਕ ਸਲਾਹ-ਮਸ਼ਵਰੇ ਲਈ ਜਾਰੀ ਕੀਤਾ ਜਾਵੇਗਾ।

ਜ਼ੋਰ ਫੜ ਰਿਹਾ ਹੈ ਲੈਬ ਅਧਾਰਤ ਮੀਟ ਦਾ ਕਾਰੋਬਾਰ

ਜੇ Vow ਦੀ ਆਪਣੀ ਕਲਚਰਡ ਬਟੇਰ ਵੇਚਣ ਦੀ ਅਰਜ਼ੀ ਨੂੰ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਇਹ ਆਸਟ੍ਰੇਲੀਆ ਨੂੰ ਕਾਸ਼ਤ ਕੀਤੇ ਮੀਟ ਦੀ ਵਿਕਰੀ ਦੀ ਇਜਾਜ਼ਤ ਦੇਣ ਵਾਲਾ ਤੀਜਾ ਦੇਸ਼ ਬਣਾ ਦੇਵੇਗਾ। ਜੂਨ ’ਚ ਅਮਰੀਕਾ ਨੇ ਵੀ ਕਲਚਰਡ ਚਿਕਨ ਦੀ ਵਿਕਰੀ ਦੀ ਮਨਜ਼ੂਰੀ ਦਿੱਤੀ ਸੀ। ਸਭ ਤੋਂ ਪਹਿਲਾਂ 2020 ’ਚ ਸਿੰਗਾਪੁਰ ਇਸ ਬਾਰੇ ਇਜਾਜ਼ਤ ਦਿੱਤੀ ਸੀ। ਚੀਨ ਦੀ ਪੰਜ ਸਾਲ ਦੀ ਖੇਤੀਬਾੜੀ ਯੋਜਨਾ ਵਿੱਚ ਕਲਚਰਡ ਅਤੇ ਪੌਦਾ-ਅਧਾਰਤ ਮੀਟ ਸ਼ਾਮਲ ਹਨ, ਸ਼ੰਘਾਈ ਅਧਾਰਤ ਸੈੱਲਐਕਸ ਨੇ ਅਗਸਤ ਵਿੱਚ ਇੱਕ ਪਰਖ ਵੱਜੋਂ ਕਲਚਰਡ ਮੀਟ ਸਹੂਲਤ ਖੋਲ੍ਹੀ ਸੀ। ਸੈਲਐਕਸ ਸਮੁੰਦਰੀ ਭੋਜਨ, ਚਿਕਨ ਅਤੇ ਵਾਗਯੂ ਬੀਫ ਉਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।