ਆਸਟ੍ਰੇਲੀਆ ਦਾ ਨਵਾਂ ‘ਸਕਿੱਲਜ਼ ਇਨ ਡਿਮਾਂਡ ਵੀਜ਼ਾ’ ਵਰਕਰਾਂ, ਕਾਰੋਬਾਰਾਂ ਅਤੇ ਦੇਸ਼ ਲਈ ‘ਤੀਹਰੀ ਜਿੱਤ’ ਕਰਾਰ, ਜਾਣੋ ਫ਼ਾਇਦੇ (The new Skills in Demand visa)

ਮੈਲਬਰਨ: ਆਸਟ੍ਰੇਲੀਆ ਵੱਲੋਂ ਨਵੇਂ ‘ਸਕਿੱਲਜ਼ ਇਨ ਡਿਮਾਂਡ ਵੀਜ਼ਾ’ (The new Skills in Demand visa) ਦਾ ਐਲਾਨੇ ਕੀਤਾ ਗਿਆ ਹੈ। ਇਸ ਦਾ ਉਦੇਸ਼ ਦੇਸ਼ ਦੀ ਪ੍ਰਵਾਸ ਪ੍ਰਣਾਲੀ ਦੀਆਂ ਕਮੀਆਂ ਨੂੰ ਦੂਰ ਕਰਨਾ ਹੈ ਜੋ ਮਜ਼ਦੂਰਾਂ ਦੇ ਸ਼ੋਸ਼ਣ ਦਾ ਕਾਰਨ ਬਣੀਆਂ ਹਨ। ਨਵਾਂ ਵੀਜ਼ਾ ਆਸਟ੍ਰੇਲੀਆ ਦੇ ਮੁੱਖ ਟੈਂਪਰੇਰੀ ਸਕਿੱਲ ਸ਼ੋਰਟੇਜ ਵਰਕ ਵੀਜ਼ਾ ਦੀ ਥਾਂ ਲਵੇਗਾ, ਜਿਸ ਨੂੰ 457 ਵੀਜ਼ਾ ਵੀ ਕਿਹਾ ਜਾਂਦਾ ਸੀ ਅਤੇ ਇਹ ਲੇਬਰ ਮਾਰਕੀਟ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਵੀ ਅਸਫਲ ਰਹੀ।

ਗ੍ਰਹਿ ਮੰਤਰੀ ਕਲੇਅਰ ਓਨੀਲ ਵੱਲੋਂ ਕੀਤੇ ਨਵੇਂ ਐਲਾਨ ’ਚ ਟੈਂਪਰੇਰੀ ਹੁਨਰਮੰਦ ਪ੍ਰਵਾਸੀ ਵਰਕਰਾਂ ਲਈ ਕਈ ਤਬਦੀਲੀਆਂ ਪੇਸ਼ ਕੀਤੀਆਂ ਗਈਆਂ ਹਨ, ਜਿਸ ਵਿੱਚ ਉਨ੍ਹਾਂ ਦਾ ਰੁਜ਼ਗਾਰ ਖਤਮ ਹੋਣ ’ਤੇ ਕਿਸੇ ਹੋਰ ਸਪਾਂਸਰ ਨੂੰ ਲੱਭਣ ਲਈ ਵਧੇਰੇ ਸਮਾਂ ਅਤੇ ਪਾਰਮਾਨੈਂਟ ਰੈਜ਼ੀਡੈਂਸੀ (PR) ਲਈ ਅਰਜ਼ੀ ਦੇਣ ਦਾ ਇੱਕ ਸਪੱਸ਼ਟ ਰਸਤਾ ਸ਼ਾਮਲ ਹੈ।

ਨਵਾਂ ਵੀਜ਼ਾ ਐਸੋਸੀਏਟ ਪ੍ਰੋਫੈਸਰ ਸਟੀਫਨ ਕਲੀਬਬੋਰਨ ਅਤੇ ਕ੍ਰਿਸ ਐਫ ਰਾਈਟ ਦੇ ਪ੍ਰਸਤਾਵ ’ਤੇ ਅਧਾਰਤ ਹੈ, ਜਿਨ੍ਹਾਂ ਨੇ ਬਿਹਤਰ ਵਿਕਲਪ ਵਜੋਂ ‘ਮੋਬਿਲਿਟੀ ਵੀਜ਼ਾ’ ਦਾ ਸੁਝਾਅ ਦਿੱਤਾ ਸੀ। ਕ੍ਰਿਸ ਐਫ ਰਾਈਟ ਨੇ ਕਿਹਾ, ‘‘ਇਨ੍ਹਾਂ ਤਬਦੀਲੀਆਂ ਦਾ ਮਤਲਬ ਵਰਕਰਾਂ ਦਾ ਘੱਟ ਸ਼ੋਸ਼ਣ ਅਤੇ ਵਧੇਰੇ ਉਤਪਾਦਕ ਰੁਜ਼ਗਾਰਦਾਤਾ ਅਭਿਆਸਾਂ ਦਾ ਹੋਵੇਗਾ, ਜੋ ਆਸਟ੍ਰੇਲੀਆ ਲਈ ਚੰਗਾ ਹੈ।’’ ਖੋਜਕਰਤਾਵਾਂ ਦਾ ਮੰਨਣਾ ਹੈ ਕਿ ਨਵਾਂ ‘ਸਕਿੱਲਸ ਇਨ ਡਿਮਾਂਡ ਵੀਜ਼ਾ’ ਇਨ੍ਹਾਂ ਸਿਧਾਂਤਾਂ ਨੂੰ ਪੂਰਾ ਕਰਦਾ ਹੈ ਅਤੇ ਇੱਕ ‘ਤੀਹਰੀ ਜਿੱਤ’ ਹੈ, ਜਿਸ ਨਾਲ ਵਰਕਰਾਂ, ਕਾਰੋਬਾਰ ਅਤੇ ਦੇਸ਼ ਲਈ ਬਿਹਤਰ ਨਤੀਜੇ ਆਉਣੇ ਚਾਹੀਦੇ ਹਨ। ਉਹ ਹੋਰ ਤਬਦੀਲੀਆਂ ਦਾ ਵੀ ਸੁਝਾਅ ਦਿੰਦੇ ਹਨ, ਜਿਵੇਂ ਕਿ ਟੈਂਪਰੇਰੀ ਪ੍ਰਵਾਸੀਆਂ ਦੀ ਸਮਾਜਿਕ ਸੁਰੱਖਿਆ ਤੱਕ ਪਹੁੰਚ ‘ਤੇ ਪਾਬੰਦੀਆਂ ਹਟਾਉਣਾ ਅਤੇ ਉਨ੍ਹਾਂ ਦੇ ਕੰਮਕਾਜ ਵਾਲੀ ਥਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਵਾਧੂ ਉਪਾਅ ਕਰਨਾ।

ਇਹ ਵੀ ਪੜ੍ਹੋ: ਆਸਟ੍ਰੇਲੀਆ ਨੇ ਸਖ਼ਤ ਕੀਤੇ ਇਮੀਗਰੇਸ਼ਨ ਨਿਯਮ, ਜਾਣੋ ਵਿਦਿਆਰਥੀਆਂ ਨੂੰ ਹੁਣ ਕਿੰਨਾ ਚਾਹੀਦੈ IELTS ਸਕੋਰ – Sea7 Australia