ਮੈਲਬਰਨ: ਮੈਲਬਰਨ ਦੇ ਡੇਲਸਫ਼ੋਰਡ ਇਲਾਕੇ ਦੀ ਇਕ ਪੱਬ (Daylesford pub crash) ’ਚ ਬੈਠੇ ਪੰਜ ਭਾਰਤੀਆਂ ਨੂੰ ਦਰੜ ਕੇ ਮਾਰਨ ਵਾਲੇ ਡਰਾਈਵਰ ਵਿਰੁਧ ਚਾਰਜਸ਼ੀਟ ਅਦਾਲਤ ’ਚ ਹਾਦਸੇ ਤੋਂ 36 ਦਿਨ ਬਾਅਦ ਦਾਇਰ ਕਰ ਦਿਤੀ ਗਈ ਹੈ।
ਮੁਲਜ਼ਮ ਵਿਲੀਅਮ ਸਵਾਲੇ (66) ਨੂੰ ਸੋਮਵਾਰ ਨੂੰ ਮੈਲਬਰਨ ਮੈਜਿਸਟ੍ਰੇਟ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ’ਤੇ ਦੋਸ਼ਪੂਰਨ ਗੱਡੀ ਚਲਾਉਣ ਕਾਰਨ ਮੌਤ ਦਾ ਕਾਰਨ ਬਣਨ ਦੇ ਪੰਜ ਦੋਸ਼, ਲਾਪ੍ਰਵਾਹੀ ਨਾਲ ਗੰਭੀਰ ਸੱਟ ਪਹੁੰਚਾਉਣ ਦੇ ਦੋ ਦੋਸ਼ ਅਤੇ ਲਾਪ੍ਰਵਾਹੀ ਨਾਲ ਜ਼ਿੰਦਗੀ ਨੂੰ ਖਤਰੇ ’ਚ ਪਾਉਣ ਦੇ 7 ਦੋਸ਼ ਲਗਾਏ ਗਏ। ਇਨ੍ਹਾਂ ਦੋਸ਼ਾਂ ਹੇਠ ਸਵਾਲੇ ਨੂੰ 20 ਸਾਲ ਤਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਮਾਊਂਟ ਮੈਸੇਡਨ ’ਚ ਰਹਿਣ ਵਾਲੇ ਵਿਲੀਅਮ ਸਵਾਲੇ ਨੂੰ ਇੱਕ ਪੁਲਿਸ ਸਟੇਸ਼ਨ ਤੋਂ ਵੀਡੀਓ ਲਿੰਕ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਡਾਇਬਿਟੀਜ਼ ਦੇ ਮਰੀਜ਼ ਇਸ ਵਿਅਕਤੀ ’ਤੇ ਇਹ ਵੀ ਦੋਸ਼ ਹੈ ਕਿ ਉਹ ਹਾਦਸੇ ਤੋਂ 50 ਮਿੰਟ ਪਹਿਲਾਂ ਆਪਣੀ ਡਾਇਬਿਟੀਜ਼ ਨਿਗਰਾਨੀ ਐਪ ਤੋਂ ਅੱਠ ਅਲਰਟ ਦੇ ਬਾਵਜੂਦ ਆਪਣੇ ਸਰੀਰ ’ਚ ਸ਼ੂਗਰ ਘਟਣ ਦਾ ਇਲਾਜ ਕਰਨ ਵਿਚ ਅਸਫਲ ਰਿਹਾ। ਪੀੜਤਾਂ ਦੇ ਰਿਸ਼ਤੇਦਾਰਾਂ ਨੇ ਇਸ ਕੇਸ ’ਚ ਪੁਲਿਸ ਦੀ ਸੁਸਤ ਕਾਰਵਾਈ ’ਤੇ ਸਵਾਲ ਚੁਕਿਆ ਸੀ।
5 ਨਵੰਬਰ ਨੂੰ ਵਾਪਰੇ ਹਾਦਸੇ ’ਚ ਪ੍ਰਤਿਭਾ ਸ਼ਰਮਾ (44), ਉਸ ਦੀ ਬੇਟੀ ਅਨਵੀ (9), ਜੀਵਨਸਾਥੀ ਜਤਿਨ ਕੁਮਾਰ (30) ਅਤੇ ਉਨ੍ਹਾਂ ਦੇ ਦੋਸਤ ਵਿਵੇਕ ਭਾਟੀਆ (38) ਅਤੇ ਉਸ ਦੇ ਬੇਟੇ ਵਿਹਾਨ (11) ਦੀ BMW ਕਾਰ ਦੀ ਟੱਕਰ ਮਾਰਨ ਮੌਤ ਹੋ ਗਈ ਸੀ। ਸ਼ਾਮ 6 ਕੁ ਵਜੇ ਵਿਨਸੈਂਟ ਸਟ੍ਰੀਟ ’ਚ ਵਾਪਰੇ ਹਾਦਸੇ ’ਚ ਭਾਟੀਆ 36 ਸਾਲ ਦੀ ਪਤਨੀ ਅਤੇ ਉਸ ਦਾ ਦੂਜਾ ਬੇਟਾ (6) ਵੀ ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ’ਚ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹਾਦਸੇ ’ਚ ਇਕ 43 ਸਾਲ ਦੀ ਕਿਨੇਟਨ ਔਰਤ, 38 ਸਾਲਾ ਕੋਕਾਟੂ ਵਾਸੀ ਆਦਮੀ ਅਤੇ ਇਕ 11 ਮਹੀਨੇ ਦੇ ਬੱਚੇ ਨੂੰ ਵੀ ਹਸਪਤਾਲ ਲਿਜਾਇਆ ਗਿਆ ਅਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।