ਮੈਲਬਰਨ: ਇਜ਼ਰਾਈਲੀ ਅਧਿਕਾਰੀ ਇਨ੍ਹਾਂ ਦਾਅਵਿਆਂ ਦੀ ਜਾਂਚ ਕਰ ਰਹੇ ਹਨ ਕਿ ਕੁਝ ਨਿਵੇਸ਼ਕਾਂ ਨੂੰ 7 ਅਕਤੂਬਰ ਨੂੰ ਇਜ਼ਰਾਈਲ ’ਤੇ ਹਮਲਾ (Israel-Hamas War) ਕਰਨ ਦੀ ਹਮਾਸ ਦੀ ਯੋਜਨਾ ਬਾਰੇ ਪਹਿਲਾਂ ਤੋਂ ਪਤਾ ਸੀ ਅਤੇ ਉਨ੍ਹਾਂ ਨੇ ਇਸ ਜਾਣਕਾਰੀ ਦੀ ਵਰਤੋਂ ਕਰੋੜਾਂ ਪੌਂਡ ਕਮਾਉਣ ਲਈ ਕੀਤੀ ਸੀ। ਨਿਊਯਾਰਕ ਯੂਨੀਵਰਸਿਟੀ ਅਤੇ ਕੋਲੰਬੀਆ ਯੂਨੀਵਰਸਿਟੀ ਦੇ ਅਮਰੀਕੀ ਕਾਨੂੰਨ ਦੇ ਪ੍ਰੋਫੈਸਰ ਰਾਬਰਟ ਜੈਕਸਨ ਜੂਨੀਅਰ ਅਤੇ ਜੋਸ਼ੁਆ ਮਿਟਸ ਦੀ ਰਿਸਰਚ ’ਚ ਸਾਹਮਣੇ ਆਇਆ ਹੈ ਕਿ 7 ਅਕਤੂਬਰ ਨੂੰ ਹਮਾਸ ਦੇ ਹਮਲੇ ਤੋਂ ਕੁਝ ਦਿਨ ਪਹਿਲਾਂ ਹੀ ਸ਼ੇਅਰਾਂ ਦੀ ਸ਼ਾਰਟ-ਸੈਲਿੰਗ (ਯਾਨੀਕਿ ਉੱਚੀ ਕੀਮਤ ’ਤੇ ਸ਼ੇਅਰ ਵੇਚਣ ਤੋਂ ਬਾਅਦ, ਕੀਮਤਾਂ ਡਿੱਗਣ ’ਤੇ ਵਾਪਸ ਖ਼ਰੀਦ ਲੈਣਾ) ਕੀਤੀ ਗਈ ਸੀ। ਇਸ ਹਮਲੇ ਤੋਂ ਬਾਅਦ ਪਿਛਲੇ ਤਿੰਨ ਮਹੀਨਿਆਂ ਤੋਂ ਹਮਾਸ ਅਤੇ ਇਜ਼ਰਾਈਲ ਵਿਚਕਾਰ ਚਲ ਰਹੀ ਜੰਗ ਸ਼ੁਰੂ ਹੋਈ ਸੀ।
ਲੇਖਕਾਂ ਨੇ ਲਿਖਿਆ, ‘‘ਹਮਲੇ ਤੋਂ ਕੁਝ ਦਿਨ ਪਹਿਲਾਂ ਹੀ ਟਰੇਡਰਸ ਨੂੰ ਹੋਣ ਵਾਲੇ ਹਮਲੇ ਦੀ ਉਮੀਦ ਸੀ।’’ ਉਨ੍ਹਾਂ ਕਿਹਾ ਕਿ 2 ਅਕਤੂਬਰ ਨੂੰ ਅਚਾਨਕ ਅਤੇ ਵੱਡੇ ਤੌਰ ’ਤੇ MSCI ਇਜ਼ਰਾਈਲ ਐਕਸਚੇਂਜ ਟਰੇਡੇਡ ਫੰਡ (ETF) ਵਿੱਚ ਵਧੀ ਹੋਈ ਦਿਲਚਸਪੀ ਵੇਖੀ ਗਈ। ਉਨ੍ਹਾਂ ਨੇ ਕਿਹਾ ਕਿ ਹਮਲੇ ਤੋਂ ਠੀਕ ਪਹਿਲਾਂ ਤੇਲ ਅਵੀਵ ਸਟਾਕ ਐਕਸਚੇਂਜ (TASC) ’ਤੇ ਇਜ਼ਰਾਈਲੀ ਸਕਿਓਰਿਟੀਜ਼ ਦੀ ਸ਼ਾਰਟ-ਸੈਲਿੰਗ ’ਚ ਨਾਟਕੀ ਢੰਗ ਨਾਲ ਵਾਧਾ ਹੋਇਆ। ਇਜ਼ਰਾਈਲ ਸਕਿਓਰਿਟੀਜ਼ ਅਥਾਰਟੀ ਨੇ ਰਾਇਟਰਜ਼ ਨੂੰ ਦੱਸਿਆ, ‘‘ਇਹ ਮਾਮਲਾ ਅਥਾਰਟੀ ਦੇ ਧਿਆਨ ’ਚ ਹੈ ਅਤੇ ਸਾਰੀਆਂ ਸਬੰਧਤ ਧਿਰਾਂ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।’’
ਰੀਸਰਚਕਰਤਾਵਾਂ ਨੇ ਕਿਹਾ ਕਿ 7 ਅਕਤੂਬਰ ਤੋਂ ਪਹਿਲਾਂ ਸ਼ਾਰਟ-ਸੈਲਿੰਗ ਸੰਕਟ ਪਹਿਲਾਂ ਕਦੇ ਵੀ ਹੋਈ ਸ਼ਾਰਟ-ਸੇਲਿੰਗ ਤੋਂ ਵੱਧ ਸੀ, ਜਿਸ ਵਿੱਚ 2008 ਦੇ ਵਿੱਤੀ ਸੰਕਟ, 2014 ਇਜ਼ਰਾਈਲ-ਗਾਜ਼ਾ ਯੁੱਧ ਅਤੇ ਕੋਵਿਡ-19 ਮਹਾਂਮਾਰੀ ਤੋਂ ਬਾਅਦ ਮੰਦੀ ਸ਼ਾਮਲ ਹੈ। ਉਨ੍ਹਾਂ ਨੇ ਇਜ਼ਰਾਈਲ ਦੇ ਸਭ ਤੋਂ ਵੱਡੇ ਬੈਂਕ ਲਿਊਮੀ ਦੀ ਉਦਾਹਰਣ ਦਿੱਤੀ, ਜਿਸ ਦੇ 14 ਸਤੰਬਰ ਤੋਂ 5 ਅਕਤੂਬਰ ਦੀ ਮਿਆਦ ਦੌਰਾਨ 4.43 ਮਿਲੀਅਨ ਨਵੇਂ ਸ਼ੇਅਰਾਂ ਦੀ ਵਿਕਰੀ ਕੀਤੀ ਗਈ, ਜਿਸ ਨਾਲ ਵਾਧੂ ਸ਼ਾਰਟ-ਸੇਲਿੰਗ ’ਤੇ 3.2 ਬਿਲੀਅਨ ਸ਼ੇਕੇਲ (680 ਮਿਲੀਅਨ ਪਾਊਂਦ) ਦਾ ਮੁਨਾਫਾ ਹੋਇਆ। ਉਨ੍ਹਾਂ ਕਿਹਾ, ‘‘ਹਾਲਾਂਕਿ ਅਸੀਂ ਅਮਰੀਕੀ ਐਕਸਚੇਂਜ ’ਤੇ ਇਜ਼ਰਾਈਲੀ ਕੰਪਨੀਆਂ ਦੀ ਸ਼ਾਰਟ-ਸੈਲਿੰਗ ’ਚ ਕੋਈ ਵਾਧਾ ਨਹੀਂ ਵੇਖਿਆ। ਪਰ ਸਾਨੂੰ ਹਮਲਿਆਂ ਤੋਂ ਠੀਕ ਪਹਿਲਾਂ ਤੇਜ਼ ਅਤੇ ਅਸਾਧਾਰਨ ਵਿਕਰੀ ਵੇਖੀ ਗਈ।’’