ਮੈਲਬਰਨ: ਸ਼ਤਰੰਜ ਖਿਡਾਰੀ ਵੈਸ਼ਾਲੀ ਰਮੇਸ਼ਬਾਬੂ ਨੇ ਗ੍ਰੈਂਡਮਾਸਟਰ ਬਣਦਿਆਂ ਹੀ ਇੱਕ ਨਵਾਂ ਰਿਕਾਰਡ ਵੀ ਸਿਰਜ ਦਿੱਤਾ ਹੈ। 22 ਸਾਲਾਂ ਦੀ ਵੈਸ਼ਾਲੀ ਇਹ ਖਿਤਾਬ ਹਾਸਲ ਕਰਨ ਵਾਲੀ ਭਾਰਤ ਦੀ ਤੀਜੀ ਔਰਤ ਬਣ ਗਈ ਹੈ ਪਰ ਉਹ ਆਪਣੇ ਪਰਿਵਾਰ ’ਚ ਅਜਿਹੀ ਪ੍ਰਾਪਤੀ ਹਾਸਲ ਕਰਨ ਵਾਲੀ ਪਹਿਲੀ ਔਰਤ ਨਹੀਂ ਹੈ। ਉਸ ਦਾ ਭਰਾ, ਪ੍ਰਗਨਾਨੰਦ ਰਮੇਸ਼ਬਾਬੂ, 2018 ਵਿੱਚ 12 ਸਾਲ ਦੀ ਉਮਰ ਵਿੱਚ ਇਤਿਹਾਸ ਦੇ ਸਭ ਤੋਂ ਘੱਟ ਉਮਰ ਦੇ ਗ੍ਰੈਂਡਮਾਸਟਰਾਂ ਵਿੱਚੋਂ ਇੱਕ ਬਣ ਗਿਆ ਸੀ। Chess.com ਅਨੁਸਾਰ ਇਹ ਭੈਣ-ਭਰਾ ਹੁਣ ਗ੍ਰੈਂਡਮਾਸਟਰ ਬਣਨ ਵਾਲੇ ਦੁਨੀਆ ਦੇ ਪਹਿਲੇ ਭਰਾ ਅਤੇ ਭੈਣ ਬਣ ਗਏ ਹਨ।
ਵੈਸ਼ਾਲੀ ਨੇ ਪਿਛਲੇ ਹਫਤੇ ਸਪੇਨ ਵਿਖੇ ਚੌਥੇ ਐਲ ਲੋਬਰੇਗਾਟ ਓਪਨ ’ਚ ਖਿਤਾਬ ਜਿੱਤਣ ਤੋਂ ਬਾਅਦ Chess.com ਨੂੰ ਕਿਹਾ, ‘‘ਜਦੋਂ ਤੋਂ ਮੈਂ ਸ਼ਤਰੰਜ ਖੇਡਣਾ ਸ਼ੁਰੂ ਕੀਤਾ ਹੈ, ਉਦੋਂ ਤੋਂ ਗ੍ਰੈਂਡਮਾਸਟਰ ਬਣਨਾ ਮੇਰਾ ਟੀਚਾ ਰਿਹਾ ਹੈ। ਮੈਂ ਇਸ ਦੇ ਬਹੁਤ ਨੇੜੇ ਸੀ ਇਸ ਲਈ ਮੈਂ ਸੱਚਮੁੱਚ ਉਤਸ਼ਾਹਿਤ ਸੀ ਪਰ ਮੇਰੇ ’ਤੇ ਕੁਝ ਦਬਾਅ ਵੀ ਸੀ। ਮੈਂ ਬਹੁਤ ਖੁਸ਼ ਹਾਂ ਕਿ ਆਖਰਕਾਰ ਮੈਂ ਖਿਤਾਬ ਪੂਰਾ ਕਰਨ ਵਿਚ ਕਾਮਯਾਬ ਰਹੀ।’’
ਗ੍ਰੈਂਡਮਾਸਟਰ ਬਣਨਾ ਆਸਾਨ ਨਹੀਂ ਹੁੰਦਾ ਅਤੇ ਇਸ ਵਿੱਚ ਕਾਫ਼ੀ ਸਮਾਂ ਲੱਗਦਾ ਹੈ। ਖਿਤਾਬ ਪ੍ਰਾਪਤ ਕਰਨ ਲਈ, ਖਿਡਾਰੀਆਂ ਨੂੰ ਤਿੰਨ ਆਦਰਸ਼ ਟੂਰਨਾਮੈਂਟ ਜਿੱਤਣੇ ਪੈਂਦੇ ਹਨ – ਅਜਿਹੇ ਮੁਕਾਬਲੇ ਜੋ ਖੁਦ ਕੁਝ ਮਾਪਦੰਡਾਂ ਨੂੰ ਪੂਰਾ ਕਰਦੇ ਹਨ – ਅਤੇ 2500 ਦੀ ਅੰਤਰਰਾਸ਼ਟਰੀ ਸ਼ਤਰੰਜ ਫੈਡਰੇਸ਼ਨ (ਫਿਡੇ) ਰੇਟਿੰਗ ਨੂੰ ਪਾਰ ਕਰਨਾ ਪੈਂਦਾ ਹੈ। ਵੈਸ਼ਾਲੀ ਨੇ ਪਹਿਲਾਂ ਹੀ ਤਿੰਨ ਆਦਰਸ਼ ਟੂਰਨਾਮੈਂਟ ਜਿੱਤੇ ਸਨ ਅਤੇ ਆਖਰਕਾਰ ਪਿਛਲੇ ਹਫਤੇ ਸਪੇਨ ਵਿਚ ਦੂਜੇ ਗੇੜ ਦੀ ਜਿੱਤ ਨਾਲ 2500 ਰੇਟਿੰਗ ਨੂੰ ਪਾਰ ਕਰ ਲਿਆ ਸੀ।
ਵੈਸ਼ਾਲੀ ਦੇ ਭਰਾ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਜਾਣਦਾ ਸੀ ਕਿ ਉਸ ਦੀ ਵੱਡੀ ਭੈਣ ਇਕ ਦਿਨ ਇਹ ਪ੍ਰਾਪਤੀ ਹਾਸਲ ਕਰੇਗੀ। ਉਸ ਨੇ ਪਿਛਲੇ ਮਹੀਨੇ ਫਿਡੇ ਨੂੰ ਕਿਹਾ ਸੀ, ‘‘ਮੈਨੂੰ ਬਹੁਤ ਪਹਿਲਾਂ ਹੀ ਲੱਗ ਗਿਆ ਸੀ ਕਿ ਉਸ ਕੋਲ ਲੰਬੇ ਸਮੇਂ ਤੋਂ ਗਰੈਂਡਮਾਸਟਰ ਬਣਨ ਦੀ ਤਾਕਤ ਹੈ। ਮੈਂ ਇਹ ਦੇਖ ਕੇ ਖੁਸ਼ ਹਾਂ ਕਿ ਉਹ ਆਖਰਕਾਰ ਉਸ ਮੁਕਾਮ ’ਤੇ ਪਹੁੰਚ ਰਹੀ ਹੈ ਜਿਸ ਦੀ ਉਹ ਹੱਕਦਾਰ ਹੈ।’’