ਇਜ਼ਰਾਈਲ ਨੇ ਆਸਟ੍ਰੇਲੀਆ ’ਚ ਯਾਤਰਾ ਵਿਰੁਧ ਚਿਤਾਵਨੀ ਜਾਰੀ ਕੀਤੀ, ਜਾਣੋ ਕੀ ਹੈ ਕਾਰਨ (Israel warns against travel to Australia)

ਮੈਲਬਰਨ: ਇਜ਼ਰਾਈਲ (Israel) ਨੇ ਆਪਣੇ ਨਾਗਰਿਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਦੀ ਯਾਤਰਾ ’ਤੇ ਜਾ ਰਹੇ ਹੋਣ ਤਾਂ ਇਸ ’ਤੇ ਮੁੜ ਵਿਚਾਰ ਕਰਨ। ਇਜ਼ਰਾਈਲ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ (ਐਨ.ਐਸ.ਸੀ.) ਨੇ ਆਸਟ੍ਰੇਲੀਆ ਸਮੇਤ ਬ੍ਰਿਟੇਨ, ਫਰਾਂਸ, ਜਰਮਨੀ, ਬ੍ਰਾਜ਼ੀਲ, ਅਰਜਨਟੀਨਾ ਅਤੇ ਰੂਸ ਲਈ ਖਤਰੇ ਦੇ ਪੱਧਰ ਨੂੰ ਲੈਵਲ-2 ਤੱਕ ਵਧਾ ਦਿੱਤਾ ਹੈ। ਉੱਚ ਪੱਧਰ ਦਰਸਾਉਂਦਾ ਹੈ ਕਿ ਇਜ਼ਰਾਈਲੀਆਂ ਨੂੰ ਯਾਤਰਾ ਕਰਦੇ ਸਮੇਂ ਵਾਧੂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।

ਉਜ਼ਬੇਕਿਸਤਾਨ, ਕਜ਼ਾਕਿਸਤਾਨ ਅਤੇ ਤੁਰਕਮੇਨਿਸਤਾਨ ਸਮੇਤ ਅਫਰੀਕਾ ਅਤੇ ਮੱਧ ਏਸ਼ੀਆ ਦੇ ਦਰਜਨਾਂ ਦੇਸ਼ਾਂ ਨੂੰ ਵੀ ਲੈਵਲ 3 ਤੱਕ ਵਧਾ ਦਿੱਤਾ ਗਿਆ ਹੈ ਅਤੇ ਇਨ੍ਹਾਂ ਦੇਸ਼ਾਂ ਤੋਂ ਇਜ਼ਰਾਈਲੀਆਂ ਨੂੰ ਦੂਰ ਰਹਿਣ ਲਈ ਕਿਹਾ ਗਿਆ ਹੈ। ਜਿਨ੍ਹਾਂ ਨੂੰ ਇਨ੍ਹਾਂ ਦੇਸ਼ਾਂ ’ਚ ਜਾਣਾ ਪੈ ਜਾਵੇ ਉਨ੍ਹਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕੋਈ ਅਜਿਹੇ ਚਿੰਨ੍ਹ ਪ੍ਰਦਰਸ਼ਿਤ ਨਾ ਕਰਨ ਜਿਸ ਨਾਲ ਪਤਾ ਲੱਗੇ ਕਿ ਉਹ ਯਹੂਦੀ ਹਨ। ਨਿਊਜ਼ੀਲੈਂਡ, ਡੈਨਮਾਰਕ, ਸਵਿਟਜ਼ਰਲੈਂਡ ਅਤੇ ਅਮਰੀਕਾ ਸਮੇਤ ਦੇਸ਼ ਪੱਧਰ 1 ਦੇ ਸਭ ਤੋਂ ਹੇਠਲੇ ਖਤਰੇ ਦੀ ਰੈਂਕਿੰਗ ’ਤੇ ਬਣੇ ਹੋਏ ਹਨ ਜਿਸ ਦਾ ਮਤਲਬ ਹੈ ਕਿ ਇੱਥੇ ਕੋਈ ਖ਼ਤਰਾ ਨਹੀਂ ਹੈ।

ਆਸਟ੍ਰੇਲੀਆ ਵਿਚ ਫਲਸਤੀਨੀ ਸਮਰਥਕ ਕਈ ਰੈਲੀਆਂ ਵਿਚ ਯਹੂਦੀ ਵਿਰੋਧੀ ਤੱਤ ਵੇਖੇ ਗਏ ਸਨ। ਇਨ੍ਹਾਂ ’ਚ 7 ਅਕਤੂਬਰ ਦੇ ਅਤਿਵਾਦੀ ਹਮਲੇ ਤੋਂ ਕੁਝ ਦਿਨ ਬਾਅਦ ਇਕ ਰੈਲੀ ਵੀ ਸ਼ਾਮਲ ਹੈ, ਜਿੱਥੇ ਪ੍ਰਦਰਸ਼ਨਕਾਰੀਆਂ ਨੇ ‘ਯਹੂਦੀਆਂ ਨੂੰ ਗੈਸ ਨਾਲ ਮਾਰ ਦਿਉ’ ਦੇ ਨਾਅਰੇ ਲਗਾਏ ਸਨ। ਪਿਛਲੇ ਹਫਤੇ ਵੀ ਫਲਸਤੀਨ ਸਮਰਥਕਾਂ ਨੇ ਮੈਲਬਰਨ ਦੇ ਇਕ ਹੋਟਲ ਨੂੰ ਨਿਸ਼ਾਨਾ ਬਣਾਇਆ ਸੀ, ਜਿੱਥੇ ਹਮਾਸ ਵੱਲੋਂ ਕੀਤੇ ਹਮਲੇ ’ਚ ਕਤਲ ਅਤੇ ਬੰਧਕ ਬਣਾਏ ਗਏ ਲੋਕਾਂ ਦੇ ਇਜ਼ਰਾਈਲੀ ਪਰਿਵਾਰਕ ਮੈਂਬਰ ਠਹਿਰੇ ਹੋਏ ਸਨ। ਇਸ ਤੋਂ ਇਲਾਵਾ ਐਤਵਾਰ ਨੂੰ ਖੇਤਰੀ ਵਿਕਟੋਰੀਆ ਦੇ ਬਲਾਰਤ ’ਚ ਨਵ-ਨਾਜ਼ੀ ਰੈਲੀ ਕੱਢੀ ਗਈ ਸੀ।

ਦੂਜੇ ਪਾਸੇ ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਨੇ ਆਸਟ੍ਰੇਲੀਆ ਦੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਇਜ਼ਰਾਈਲ ਦੀ ਯਾਤਰਾ ਕਰਨ ਦੀ ਆਪਣੀ ਜ਼ਰੂਰਤ ’ਤੇ ਮੁੜ ਵਿਚਾਰ ਕਰਨ ਅਤੇ ਵੈਸਟ ਬੈਂਕ, ਗਾਜ਼ਾ ਅਤੇ ਲੇਬਨਾਨ ਨਾਲ ਲੱਗਦੇ ਸਰਹੱਦੀ ਖੇਤਰਾਂ ਦੀ ਯਾਤਰਾ ਨਾ ਕਰਨ। ਵਿਰੋਧੀ ਧਿਰ ਦੇ ਵਿਦੇਸ਼ ਮਾਮਲਿਆਂ ਦੇ ਬੁਲਾਰੇ ਸਾਈਮਨ ਬਰਮਿੰਘਮ ਨੇ ਸਰਕਾਰ ’ਤੇ ਦੇਸ਼ ਅੰਦਰ ਯਹੂਦੀ ਵਿਰੋਧੀ ਭਾਵਨਾ ਦੀ ਢੁਕਵੀਂ ਨਿੰਦਾ ਕਰਨ ਅਤੇ ਰੋਕਣ ਵਿਚ ਅਸਫਲ ਰਹਿਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਇਹ ਆਸਟ੍ਰੇਲੀਆ ਦੇ ਮੱਥੇ ’ਤੇ ਧੱਬਾ ਹੈ, ਜੋ ਕਦੀ ਹਰ ਧਰਮ ਦੇ ਲੋਕਾਂ ਲਈ ਸੁਰੱਖਿਅਤ ਟਿਕਾਣੇ ਵੱਜੋਂ ਪ੍ਰਸਿੱਧ ਸੀ।