ਬਾਲੀ ਹੁਣ ਨਹੀਂ ਰਿਹਾ ਆਸਟ੍ਰੇਲੀਆ ਲਈ ਸੈਰ-ਸਪਾਟੇ ਦੀ ਪਹਿਲੀ ਪਸੰਦ (Holiday destination), ਜਾਣੋ ਇਹ ਥਾਂ ਕਿਉਂ ਖਿੱਚ ਰਹੀ ਕੈਂਗਰੂਆਂ ਨੂੰ ਆਪਣੇ ਵੱਲ

ਮੈਲਬਰਨ: ਵਿਦੇਸ਼ਾਂ ’ਚ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਬੇਹੱਦ ਪ੍ਰਸਿੱਧ ਟਾਪੂ (Holiday destination) ਬਾਲੀ ਹੁਣ ਆਸਟ੍ਰੇਲੀਆ ’ਚ ਸਭ ਤੋਂ ਪਸੰਦੀਦਾ ਥਾਂ ਨਹੀਂ ਰਿਹਾ ਹੈ। ਐਕਸਪੀਡੀਆ ਸਮੂਹ ਦੇ ਅੰਕੜਿਆਂ ਦੀ ਮੰਨੀਏ ਤਾਂ ਹੁਣ ਟੋਕੀਓ ਆਸਟ੍ਰੇਲੀਆ ਵਾਸੀਆਂ ਲਈ ਸੈਰ-ਸਪਾਟੇ ਦੀ ਪਹਿਲੀ ਪਸੰਦ ਬਣ ਗਿਆ ਹੈ। ਇਸ ਸੂਚੀ ’ਚ ਬਾਲੀ ਦੂਜੇ ਅਤੇ ਸਿੰਗਾਪੁਰ ਤੀਜੇ ਸਥਾਨ ’ਤੇ ਹੈ। ਜਦਕਿ ਓਸਾਕਾ ਅਤੇ ਕਿਓਟੋ ਬਾਕੀ ਦੇ ਸਿਖਰਲੇ ਦੇ ਪੰਜ ਸਥਾਨਾਂ ’ਚ ਸ਼ਾਮਲ ਹਨ।

ਐਕਸਪੀਡੀਆ ਬ੍ਰਾਂਡ ਦੇ ਪ੍ਰਬੰਧ ਨਿਰਦੇਸ਼ਕ ਡੈਨੀਅਲ ਫਿੰਚ ਨੇ ਨਤੀਜਿਆਂ ਨੂੰ ‘ਹੈਰਾਨੀਜਨਕ’ ਦੱਸਿਆ। ਫਿੰਚ ਨੇ ਕਿਹਾ, ‘‘ਸਾਡੇ ਲਈ ਬਾਲੀ ਦਾ ਮੁਕਾਬਲਾ ਹਮੇਸ਼ਾ ਫਿਜੀ ਅਤੇ ਹਵਾਈ ਨਾਲ ਰਿਹਾ ਹੈ, ਬਾਲੀ ਆਮ ਤੌਰ ’ਤੇ ਪਹਿਲੇ ਨੰਬਰ ’ਤੇ ਆਉਂਦਾ ਹੈ, ਇਸ ਲਈ ਜਦੋਂ ਅਸੀਂ ਟੋਕੀਓ ਚੋਟੀ ’ਤੇ ਆਇਆ ਤਾਂ ਮੈਂ ਹੈਰਾਨ ਰਹਿ ਗਿਆ।’’

ਇਹ ਸਨ ਕਾਰਨ ਟੋਕੀਓ ਦੇ ਸਿਖਰ ’ਤੇ ਰਹਿਣ ਦੇ

ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਅੰਕੜਿਆਂ ਦੀ ਡੂੰਘੀ ਸਮੀਖਿਆ ਕੀਤੀ ਤਾਂ ਇਹ ਘੱਟ ਹੈਰਾਨੀ ਵਾਲੀ ਗੱਲ ਸੀ ਕਿਉਂਕਿ ਵਿਦੇਸ਼ੀ ਮੁਦਰਾ ਇੱਕ ਵੱਡਾ ਕਾਰਨ ਹੈ ਅਤੇ ਯੇਨ ਹੁਣ ਪਹਿਲਾਂ ਵਾਂਗ ਮਜ਼ਬੂਤ ਨਹੀਂ ਹੈ, ਜਿਸ ਕਾਰਨ ਲੋਕਾਂ ਦੀ ਜਾਪਾਨ ਵੱਲ ਦਿਲਚਸਪੀ ਵਧੀ ਹੈ। ਉਨ੍ਹਾਂ ਨੇ ਜਾਪਾਨ ਦੇ ਭੋਜਨ ਅਤੇ ਸੱਭਿਆਚਾਰ ਨੂੰ ਆਸਟ੍ਰੇਲੀਆ ਲੋਕਾਂ ਲਈ ਖਿੱਚ ਦਾ ਵੱਡਾ ਕੇਂਦਰ ਦਿਸਆ ਅਤੇ ਨਾਲ-ਨਾਲ ਸਰਦੀਆਂ ਦੇ ਮੌਸਮ ਨੂੰ ਇੱਕ ਪ੍ਰਮੁੱਖ ਪ੍ਰੋਤਸਾਹਨ ਵਜੋਂ ਪਛਾਣਿਆ।

ਹਾਲਾਂਕਿ ਇੰਡੋਨੇਸ਼ੀਆ ਸਰਕਾਰ ਵੀ ਇਨ੍ਹਾਂ ਨਤੀਜਿਆਂ ਤੋਂ ਖੁਸ਼ ਹੋ ਸਕਦੀ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ ਇਸ ਨੇ ਆਸਟ੍ਰੇਲੀਆਈ ਸੈਲਾਨੀਆਂ ਨੂੰ ਨਾ ਸਿਰਫ ਸਥਾਨਕ ਰੀਤੀ-ਰਿਵਾਜਾਂ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਸੀ ਬਲਕਿ ਬਾਲੀ ਤੋਂ ਬਾਹਰ ਦੇਸ਼ ਦੇ ਹੋਰ ਹਿੱਸਿਆਂ ਦੀ ਸੈਰ ਕਰਨ ਦੀ ਵੀ ਅਪੀਲ ਕੀਤੀ ਸੀ।

ਫਿੰਚ ਦੇ ਅਨੁਸਾਰ ਮਹਿੰਗਾਈ ਇਸ ਗਰਮੀਆਂ ਦੇ ਮੌਸਮ ’ਚ ਵੀ ਸੈਰ-ਸਪਾਟੇ ਦੀ ਚੋਣ ਨੂੰ ਪ੍ਰਭਾਵਤ ਕਰ ਰਹੀ ਹੈ, ਜਿਸ ਕਾਰਨ ਘਰੇਲੂ ਸੈਰ-ਸਪਾਟਾ ਲਈ ਉਤਸ਼ਾਹਜਨਕ ਸੰਕੇਤ ਮਿਲ ਰਹੇ ਹਨ। ਬ੍ਰਿਸਬੇਨ ਦੇ ਪੱਛਮ ਵਿਚ ਟੂਵੂਮਬਾ ਅਤੇ ਤਸਮਾਨੀਆ ਵਿਚ ਲੌਨਸੇਸਟਨ ਵਰਗੀਆਂ ਥਾਵਾਂ ਛੁੱਟੀਆਂ ਮਨਾਉਣ ਵਾਲਿਆਂ ਨੂੰ ਆਕਰਸ਼ਿਤ ਕਰ ਰਹੀਆਂ ਸਨ। ਰਾਜਧਾਨੀ ਸ਼ਹਿਰਾਂ ਤੋਂ ਬਾਹਰ, ਗੋਲਡ ਕੋਸਟ ਸਭ ਤੋਂ ਪਸੰਦੀਦਾ ਮੰਜ਼ਿਲ ਹੈ ਜਿਸ ਤੋਂ ਬਾਅਦ ਸਨਸ਼ਾਈਨ ਕੋਸਟ ਅਤੇ ਕੇਅਰਨਜ਼ ਹਨ।