ਮੈਲਬਰਨ: ਟੈਸਲਾ ਨੇ ਆਪਣੇ ਚਿਰਉਡੀਕਵੇਂ ਸਾਈਬਰਟਰੱਕਾਂ (Cybertruck) ਦੀ ਡਿਲੀਵਰੀ ਸ਼ੁਰੂ ਕਰ ਦਿੱਤੀ ਹੈ। ਵੱਖਰੀ ਦਿੱਖ ਵਾਲੇ ਇਸ ਟਰੱਕ ਦਾ ਐਲਾਨ ਪਹਿਲੀ ਵਾਰ ਚਾਰ ਸਾਲ ਪਹਿਲਾਂ 2019 ’ਚ ਕੀਤਾ ਗਿਆ ਸੀ, ਜਦੋਂ ਬਹੁਤ ਸਾਰੇ ਲੋਕਾਂ ਨੇ ਸੋਚਿਆ ਸੀ ਕਿ ਇਹ ਕਦੇ ਵੀ ਮਾਰਕੀਟ ਵਿੱਚ ਨਹੀਂ ਆਵੇਗਾ। ਹਾਲਾਂਕਿ ਆਸਟਰੇਲੀਆ ਵਿਚ ਸ਼ੁੱਕਰਵਾਰ ਸਵੇਰੇ ‘X’ ’ਤੇ ਪ੍ਰਸਾਰਿਤ ਹੋਏ ਡਿਲੀਵਰੀ ਈਵੈਂਟ ਵਿਚ, ਟੈਸਲਾ ਦੇ ਸੀ.ਈ.ਓ. ਐਲਨ ਮਸਕ ਨੇ ਟਰੱਕ ਦੀ ਘੁੰਡ-ਚੁਕਾਈ ਕੀਤੀ ਅਤੇ ਮੁੱਖ ਵਿਸ਼ੇਸ਼ਤਾਵਾਂ ਲੋਕਾਂ ਸਾਮਹਣੇ ਪੇਸ਼ ਕੀਤੀਆਂ ਜੋ ਸਾਈਬਰਟਰੱਕ ਨੂੰ ਸੜਕ ’ਤੇ ਕਿਸੇ ਹੋਰ ਚੀਜ਼ ਤੋਂ ਵੱਖਰਾ ਬਣਾਉਂਦੀਆਂ ਹਨ। ਹਾਲਾਂਕਿ ਇਹ ਆਸਟ੍ਰੇਲੀਆ ’ਚ ਕਦੋਂ ਖ਼ਰੀਦਣ ਲਈ ਮੌਜੂਦ ਹੋਵੇਗਾ, ਇਸ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ।
ਇਸ ਦੀ ਕੀਮਤ ਜ਼ਿਆਦਾਤਰ ਲੋਕਾਂ ਦੀ ਉਮੀਦ ਨਾਲੋਂ ਵੱਧ ਰਹੀ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਅਮੀਰ ਲੋਕਾਂ ਦੀ ਪਹੁੰਚ ’ਚ ਹੀ ਆਵੇਗਾ:
- ਰੀਅਰ-ਵ੍ਹੀਲ ਡਰਾਈਵ 60,990 ਅਮਰੀਕਾ ਡਾਲਰ – 250 ਮੀਲ ਦੀ ਰੇਂਜ (402 ਕਿਲੋਮੀਟਰ)
- ਆਲ-ਵ੍ਹੀਲ ਡਰਾਈਵ 79,990 ਅਮਰੀਕੀ ਡਾਲਰ – 340 ਮੀਲ ਦੀ ਰੇਂਜ (547 ਕਿਲੋਮੀਟਰ)
- ਸਾਈਬਰਬੀਸਟ 99,990 ਅਮਰੀਕੀ ਡਾਲਰ – 320 ਮੀਲ ਦੀ ਰੇਂਜ (514 ਕਿਲੋਮੀਟਰ)
ਇਹ ਕੀਮਤਾਂ ਚਾਰ ਸਾਲ ਪਹਿਲਾਂ ਟੈਸਲਾ ਵੱਲੋਂ ਸਾਂਝੀਆਂ ਕੀਤੀਆਂ ਅਸਲ ਕੀਮਤਾਂ ਨਾਲੋਂ ਕਾਫ਼ੀ ਜ਼ਿਆਦਾ ਹਨ ਪਰ ਮਹਿੰਗਾਈ, ਮਹਾਂਮਾਰੀ ਅਤੇ ਗੱਡੀ ਨੂੰ ਬਾਜ਼ਾਰ ਵਿੱਚ ਲਿਆਉਣ ਵਿੱਚ ਚੁਣੌਤੀਆਂ ਕਾਰਨ ਬਹੁਤ ਸਾਰੇ ਆਰਡਰ ਧਾਰਕਾਂ ਨੂੰ ਇਸ ਦੀ ਉਮੀਦ ਸੀ। ਹਾਲਾਂਕਿ ਲੋਕਾਂ ਨੂੰ ਸਭ ਤੋਂ ਵੱਧ ਨਿਰਾਸ਼ਾ ਪਹਿਲਾਂ ਐਲਾਨੀ ਰੇਂਜ ਤੋਂ ਕਾਫ਼ੀ ਘੱਟ ਰੇਂਜ ਹੋਣ ਕਾਰਨ ਹੋਈ। ਸਾਇਬਰਟਰੱਕ ਦਾ ਸਭ ਤੋਂ ਵੱਧ ਰੇਂਜ ਵਾਲਾ ਮਾਡਲ 547 ਕਿਲੋਮੀਟਰ ਦਾ ਸਫ਼ਰ ਤੈਅ ਕਰ ਸਕਦਾ ਹੈ, ਜਦਕਿ 2019 ’ਚ ਇਸ ਦੇ ਐਲਾਨ ਸਮੇਂ ਇਸ ਦੀ ਰੇਂਜ ਨੂੰ 804 ਕਿਲੋਮੀਟਰ ਬਣਾਉਣ ਦਾ ਦਾਅਵਾ ਕੀਤਾ ਗਿਆ ਸੀ। ਲੰਮੀ ਰੇਂਜ ਵਾਲੇ ਮਾਡਲ ’ਚ ਇੱਕ ਵਾਧੂ ਬੈਟਰੀ ਲਾਈ ਜਾ ਸਕਦੀ ਹੈ ਜੋ ਕਿ ਇਸ ਦੀ ਰੇਂਜ ਨੂੰ 756 ਕਿਲੋਮੀਟਰ ਤਕ ਵਧਾ ਸਕਦਾ ਹੈ। ਸਭ ਤੋਂ ਵੱਧ ਰੇਂਜ ਵਾਲਾ ਮਾਡਲ ਸਿਰਫ 2.6 ਸਕਿੰਟਾਂ ਵਿੱਚ 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਪ੍ਰਾਪਤ ਕਰ ਸਕਦਾ ਹੈ। ਮਸਕ ਦਾ ਕਹਿਣਾ ਹੈ ਇਹ ਫੋਰਡ 350 ਡੀਜ਼ਲ ਤੋਂ ਵੀ ਵੱਧ ਭਾਰ ਖਿੱਚ ਸਕਦਾ ਹੈ।
ਮਸਕ ਨੇ ਦਰਸ਼ਕਾਂ ਨੂੰ ਗੱਡੀ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਬਾਹਰੀ ਬਾਡੀ ਉੱਚ ਤਾਕਤ ਵਾਲੇ ਟੈਸਲਾ ਵੱਲੋਂ ਡਿਜ਼ਾਈਨ ਕੀਤੇ ਸਟੀਲ ਤੋਂ ਬਣੀ ਹੈ। ਟਰੱਕ ਦਾ ਸ਼ੀਸ਼ਾ ਵੀ ਬਹੁਤ ਸਖਤ ਹੈ ਜਿਸ ਨੂੰ ਟੈਸਲਾ ਨੇ ‘ਟੇਸਲਾ-ਆਰਮਡ’ ਗਲਾਸ ਕਿਹਾ ਹੈ। ਟੈਸਲਾ ਨੇ ਪ੍ਰਦਰਸ਼ਨ ਦੌਰਾਨ ਸਾਇਬਰਟਰੱਕ ’ਤੇ ਗੋਲੀਆਂ ਵਰ੍ਹਾਏ ਜਾਣ ਦੀ ਫੁਟੇਜ ਵੀ ਦਿਖਾਈ ਅਤੇ ਕਿਹਾ ਕਿ ਇਹ ਬਾਜ਼ਾਰ ਵਿਚ ਉਪਲਬਧ ਇਕੋ ਇਕ ਟਰੱਕ ਹੈ ਜੋ ਇਸ ਪੱਧਰ ਦੀ ਸੁਰੱਖਿਆ ਦੀ ਪੇਸ਼ਕਸ਼ ਕਰਦਾ ਹੈ।
Watch Video
ਇਸ ਤੋਂ ਇਲਾਵਾ, ਸਾਈਬਰਟਰੱਕ ਦੇ ਕ੍ਰੈਸ਼ ਟੈਸਟ ਸਿਮੂਲੇਸ਼ਨਾਂ ਦੀ ਫੁਟੇਜ ਵੀ ਸਾਂਝੀ ਕੀਤੀ ਗਈ ਸੀ ਜਿਸ ਨੇ ਦਿਖਾਇਆ ਕਿ ਟਰੱਕ ਦਾ ਰੋਲਓਵਰ ਹੋਣ ਦੀ ਸੰਭਾਵਨਾ ਬਹੁਤ ਘਟ ਹੈ। ਸਾਇਬਰ ਟਰੱਕ ਦੀਆਂ ਮੁੱਖ ਵਿਸ਼ੇਸ਼ਤਾਵਾਂ ਵੀ ਸਾਂਝੀਆਂ ਕੀਤੀਆਂ ਗਈਆਂ ਸਨ ਜਿਨ੍ਹਾਂ ਵਿੱਚ ਸ਼ਾਮਲ ਸਨ:
- 11,000 ਪੌਂਡ ਟੋਇੰਗ
- 2,500 ਪੌਂਡ ਦਾ ਪੇਲੋਡ
- 6 ਫੁੱਟ ਦਾ ਬੈੱਡ
ਇਹੀ ਨਹੀਂ ਤੁਸੀਂ ਸਾਇਬਰਟਰੱਕ ਦੀ ਬੈਟਰੀ ਦਾ ਪ੍ਰਯੋਗ ਕਿਸੇ ਵੀ ਚੀਜ਼ ਨੂੰ ਬਿਜਲੀ ਰਾਹੀਂ ਚਲਾਉਣ ਲਈ ਕਰ ਸਕਦੇ ਹੋ। ਟੈਸਲਾ ਨੇ ਜਿਸ ਪ੍ਰਮੁੱਖ ਖੇਤਰ ’ਤੇ ਧਿਆਨ ਕੇਂਦਰਿਤ ਕੀਤਾ ਉਹ ਸੀ ਖਿੱਚਣ ਦਾ ਟੈਸਟ। ਫੋਰਡ ਦਾ ਵਿਸ਼ਾਲ ਐਫ350 ਡੀਜ਼ਲ ਟਰੱਕ ਖੇਤੀ ਉਪਕਰਣਾਂ ਨਾਲ ਭਰੇ ਵਿਸ਼ਾਲ ਟਰੇਲਰ ਨੂੰ 262 ਫੁੱਟ ਤਕ ਖਿੱਚ ਸਕਿਆ, ਜਦਕਿ ਸਾਈਬਰਟਰੱਕ ਨੇ ਉਸੇ ਟ੍ਰੇਲਰ ਨੂੰ 317 ਫੁੱਟ ਖਿੱਚ ਲਿਆ।
ਇਸ ਤੋਂ ਬਾਅਦ ਮਸਕ ਨੇ ਟਰੱਕ ਦੀ ਰਫ਼ਤਾਰ ਬਾਰੇ ਵੀ ਗੱਲ ਕੀਤੀ ਅਤੇ ਵਿਖਾਇਆ ਕਿ ਸਾਈਬਰਟਰੱਕ ਨੇ ਡਰੈਗ ਰੇਸਿੰਗ ਦੇ ਮਾਮਲੇ ’ਚ ਪੋਰਸ਼ 911 ਨੂੰ ਟਰੇਲਰ ’ਤੇ ਖਿੱਚਦਿਆਂ ਵੀ ਪੋਰਸ਼ 911 ਨੂੰ ਪਿੱਛੇ ਛੱਡ ਦਿੱਤਾ। ਟੇਸਲਾ ਨੇ ਤਿੰਨ-ਮੋਟਰਾਂ ਵਾਲੇ ਸਾਈਬਰਟਰੱਕ ਦੀ 0-60 ਮੀਲ ਪ੍ਰਤੀ ਘੰਟਾ ਦੀ ਵੀਡੀਓ ਵੀ ਸਾਂਝੀ ਕੀਤੀ। ਤਿੰਨੇ ਮੋਟਰਾਂ ਟਰੱਕ ਨੂੰ 2.6 ਸਕਿੰਟਾਂ ਵਿੱਚ 60 ਮੀਲ ਪ੍ਰਤੀ ਘੰਟਾ ਦੀ ਰਫਤਾਰ ਫੜਨ ’ਚ ਮਦਦ ਕਰਦੀਆਂ ਹਨ।