ਜਾਣੋ ਵਿਦੇਸ਼ਾਂ ’ਚ ਸਿੱਖਿਆ ਪ੍ਰਾਪਤ ਕਰਨ ਲਈ ਭਾਰਤੀਆਂ ਦੀ ਪਹਿਲੀ ਪਸੰਦ, ਆਸਟ੍ਰੇਲੀਆ ਇੱਕ ਅੰਕ ਹੇਠਾਂ (Top study abroad choice for Indians)

ਮੈਲਬਰਨ: ਪਿਛਲੇ ਇਕ ਸਾਲ ਦੌਰਾਨ ਭਾਰਤੀ ਵਿਦਿਆਰਥੀਆਂ ਵੱਲੋਂ ਵਿਦੇਸ਼ਾਂ ’ਚ ਸਿੱਖਿਆ ਪ੍ਰਾਪਤ ਕਰਨ ਦੇ ਰੁਝਾਨ (Top study abroad choice for Indians) ’ਚ ਬਦਲਾਅ ਆਇਆ ਹੈ। ਕੈਨੇਡਾ ਪਹਿਲੇ ਨੰਬਰ ’ਤੇ ਬਣਿਆ ਹੋਇਆ ਹੈ, ਇਸ ਤੋਂ ਬਾਅਦ ਅਮਰੀਕਾ ਦਾ ਨੰਬਰ ਹੈ, ਜਦਕਿ ਬ੍ਰਿਟੇਨ ਨੇ ਆਸਟ੍ਰੇਲੀਆ ਨੂੰ ਪਛਾੜ ਕੇ ਤੀਜੇ ਸਥਾਨ ’ਤੇ ਕਬਜ਼ਾ ਕਰ ਲਿਆ ਹੈ।

ਇੰਡੀਅਨ ਸਟੂਡੈਂਟਸ ਮੋਬਿਲਿਟੀ ਰਿਪੋਰਟ 2023, ਜੋ 2022 ਲਈ ਦੇ ਅੰਕੜਿਆਂ ਨੂੰ ਦਰਸਾਉਂਦੀ ਹੈ ’ਚ ਕਿਹਾ ਗਿਆ ਹੈ ਕਿ ਯੂ.ਕੇ. ਵਿੱਚ ਸਾਲ-ਦਰ-ਸਾਲ ਸਭ ਤੋਂ ਵੱਧ 49.6٪ ਵਾਧਾ ਹੋਇਆ ਹੈ, ਇਸ ਤੋਂ ਬਾਅਦ ਕੈਨੇਡਾ ਵਿੱਚ 46.8٪ ਦਾ ਵਾਧਾ ਹੋਇਆ ਹੈ। ਅਮਰੀਕਾ ‘ਚ ਵੀ 18.9 ਫੀਸਦੀ ਦਾ ਵਾਧਾ ਹੋਇਆ ਹੈ। ਜਦਕਿ ਆਸਟਰੇਲੀਆ ਵਿੱਚ ਸਿਰਫ਼ 0.7٪ ਦੀ ਤੁਲਨਾਤਮਕ ਤੌਰ ’ਤੇ ਸਭ ਤੋਂ ਘੱਟ ਵਾਧਾ ਦਰ ਵੇਖੀ ਗਈ।

ਪਿਛਲੇ ਚਾਰ ਸਾਲਾਂ ਵਿਚੋਂ ਤਿੰਨ ਸਾਲਾਂ ਵਿਚ ਕੈਨੇਡਾ ਵਿਚ ਸਭ ਤੋਂ ਵੱਧ ਭਾਰਤੀ ਵਿਦਿਆਰਥੀ ਰਹੇ ਹਨ, ਜਿਸ ਵਿਚ ਅਮਰੀਕਾ ਨੇ 2021 ਵਿਚ ਚੋਟੀ ਦਾ ਸਥਾਨ ਹਾਸਲ ਕੀਤਾ ਸੀ। ਆਸਟ੍ਰੇਲੀਆ 2019, 2020 ਅਤੇ 2021 ਵਿੱਚ ਤੀਜੇ ਅਤੇ ਯੂ.ਕੇ. ਚੌਥੇ ਨੰਬਰ ’ਤੇ ਸੀ, ਜੋ 2022 ਵਿੱਚ ਇੱਕ ਦਰਜਾ ਹੇਠਾਂ ਆ ਗਿਆ।

ਕੀ ਕਾਰਨ ਹੈ ਆਸਟ੍ਰੇਲੀਆ ’ਚ ਭਾਰਤੀ ਵਿਦਿਆਰਥੀਆਂ ਦੀ ਕਮੀ?

ਰਿਪੋਰਟ ਜਾਰੀ ਕਰਨ ਵਾਲੀ ਏਜੰਸੀ ਦੀ ਡਾਇਰੈਕਟਰ ਮਾਰੀਆ ਮਥਾਈਸ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਵਿਦਿਆਰਥੀਆਂ ਦੀ ਪਹਿਲੀ ਪਸੰਦ ਹੋਣ ਦੇ ਮਾਮਲੇ ’ਚ ਆਸਟ੍ਰੇਲੀਆ ਦੀ ਰੈਂਕਿੰਗ ਵਿੱਚ ਹੌਲੀ ਹੌਲੀ ਕਮੀ ਵੇਖੀ ਗਈ ਹੈ। ਹਾਲਾਂਕਿ ਇਸ ਨੇ ਕੁੱਲ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ 2019 ਤੱਕ ਦੂਜਾ ਸਥਾਨ ਕਾਇਮ ਰੱਖਿਆ ਸੀ, 2021 ਵਿੱਚ ਇਹ ਚੌਥੇ ਸਥਾਨ ’ਤੇ ਆ ਗਿਆ। ਆਸਟ੍ਰੇਲੀਆ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਇਹ 2019 ’ਚ ਤੀਜੇ ਸਥਾਨ ਤੋਂ 2022 ’ਚ ਚੌਥੇ ਸਥਾਨ ’ਤੇ ਖਿਸਕ ਗਿਆ। ਆਸਟ੍ਰੇਲੀਆ ਆਪਣੀ ਮਿਆਰੀ ਸਿੱਖਿਆ ਅਤੇ ਇਮੀਗ੍ਰੇਸ਼ਨ ਦੀਆਂ ਨਰਮ ਨੀਤੀਆਂ ਕਾਰਨ ਭਾਰਤੀ ਵਿਦਿਆਰਥੀਆਂ ਦੀ ਪਸੰਦ ਰਿਹਾ ਹੈ। ਪਰ 2022 ’ਚ ਵਿਦਿਆਰਥੀਆਂ ਦੀ ਆਈ ਕਮੀ ਦਾ ਕਾਰਨ ਕੋਵਿਡ-19 ਤੋਂ ਬਾਅਦ ਆਪਣੀਆਂ ਸਰਹੱਦਾਂ ਨੂੰ ਪੂਰੀ ਤਰ੍ਹਾਂ ਖੋਲ੍ਹਣਾ ਨਾ ਰਿਹਾ ਹੋ ਸਕਦਾ ਹੈ। ਪਿਛਲੇ ਕੁਝ ਦਿਨਾਂ ਤੋਂ ਵੀ ਮਹਾਂਮਾਰੀ ਦੇ ਮਾਮਲਿਆਂ ’ਚ ਵਾਧਾ ਵੇਖਣ ਨੂੰ ਮਿਲਿਆ ਹੈ।