ਮੈਲਬਰਨ ਦੇ ਹੋਟਲ ’ਚ ਪ੍ਰਦਰਸ਼ਨਕਾਰੀਆਂ ਨੇ ਇਜ਼ਰਾਈਲੀ ਬੰਧਕਾਂ ਦੇ ਪਰਿਵਾਰਾਂ ਨੂੰ ਘੇਰਿਆ (Families of Israeli hostages confronted)

ਮੈਲਬਰਨ: ਹਮਾਸ ਵੱਲੋਂ ਬੰਧਕ ਬਣਾਏ ਗਏ ਇਜ਼ਰਾਈਲੀ ਲੋਕਾਂ ਦੇ ਰਿਸ਼ਤੇਦਾਰ (Families of Israeli hostages confronted), ਜੋ ਕਿ ਆਸਟ੍ਰੇਲੀਆ ਵਿਚ ਰਾਜਨੀਤਿਕ ਮੁਹਿੰਮ ’ਤੇ ਹਨ, ਉਸ ਸਮੇਂ ਦਹਿਸ਼ਤਜ਼ਦਾ ਹੋ ਗਏ ਜਦੋਂ ਕਈ ਫਲਸਤੀਨ ਸਮਰਥਕ ਕਾਰਕੁੰਨਾਂ ਨੇ ਮੈਲਬਰਨ ਵਿਚ ਉਨ੍ਹਾਂ ਦੇ ਹੋਟਲ ’ਤੇ ਹਮਲਾ ਕਰ ਦਿੱਤਾ। ਇਜ਼ਰਾਈਲੀਆਂ ਨੇ ਇੱਕ ਸਮਾਰੋਹ ਦੌਰਾਨ ਸਿਆਸਤਦਾਨਾਂ ਅਤੇ ਭਾਈਚਾਰੇ ਦੇ ਮੈਂਬਰਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਸਨ ਜਦੋਂ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੇ ਹੋਟਲ ਤਕ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਘੇਰ ਲਿਆ।

ਪ੍ਰਦਰਸ਼ਨਕਾਰੀਆਂ ਨੇ ‘ਜ਼ਾਇਓਨਿਜ਼ਮ ਫਾਸ਼ੀਵਾਦ ਹੈ’, ‘ਇਜ਼ਰਾਈਲ ਨੂੰ ਹਥਿਆਰ ਦੇਣੇ ਬੰਦ ਕਰੋ’ ਅਤੇ ‘ਆਜ਼ਾਦ ਫਲਸਤੀਨ’ ਵਰਗੇ ਨਾਅਰਿਆਂ ਵਾਲੀਆਂ ਤਖ਼ਤੀਆਂ ਚੁਕੀਆਂ ਹੋਈਆਂ ਸਨ। ਹੋਟਲ ਦੀ ਲਾਬੀ ਵਿਚ ਇਸ ਵਿਰੋਧ ਪ੍ਰਦਰਸ਼ਨ ਕਾਰਨ ਇਜ਼ਰਾਈਲੀ ਆਪਣੇ ਕਮਰਿਆਂ ਵਿਚ ਦਾਖਲ ਨਹੀਂ ਹੋ ਸਕੇ।

ਇਹ ਸਮੂਹ ਕੈਨਬਰਾ ਵਿੱਚ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਪਹਿਲਾਂ ਹੀ ਮੁਲਾਕਾਤ ਕਰ ਚੁੱਕਾ ਹੈ ਅਤੇ ਅੱਜ ਸਿਡਨੀ ਲਈ ਰਵਾਨਾ ਹੋਵੇਗਾ। ਸਾਰੇ ਪੱਖਾਂ ਦੇ ਸਿਆਸਤਦਾਨਾਂ ਨੇ ਇਸ ਵਿਵਹਾਰ ਦੀ ਨਿੰਦਾ ਕੀਤੀ ਹੈ ਅਤੇ ਵਿਰੋਧ ਪ੍ਰਦਰਸ਼ਨ ਨੂੰ ਸ਼ਰਮਨਾਕ ਅਤੇ ਭਿਆਨਕ ਕਰਾਰ ਦਿੱਤਾ ਹੈ।

ਇੰਡੀਪੈਂਡੈਂਟ ਫੈਡਰਲ ਸੰਸਦ ਮੈਂਬਰ ਜ਼ੋਏ ਡੈਨੀਅਲ ਨੇ ਵੀ ਇਜ਼ਰਾਇਲੀ ਦਲ ਨਾਲ ਮੁਲਾਕਾਤ ਕੀਤੀ ਅਤੇ ਵਿਰੋਧ ਪ੍ਰਦਰਸ਼ਨ ਨੂੰ ‘ਘਿਨਾਉਣਾ’ ਕਰਾਰ ਦਿੱਤਾ। ਉਨ੍ਹਾਂ ਨੇ ਇਜ਼ਰਾਈਲ-ਗਾਜ਼ਾ ਸੰਘਰਸ਼ ਦੇ ਆਸਟ੍ਰੇਲੀਆ ਵਿੱਚ ਪੈਣ ਵਾਲੇ ਸਮਾਜਿਕ ਏਕਤਾ ’ਤੇ ਨਤੀਜਿਆਂ ਬਾਰੇ ਚਿੰਤਾ ਜ਼ਾਹਰ ਕੀਤੀ।

ਆਸਟ੍ਰੇਲੀਆ ਦੇ ਜ਼ਾਇਨਿਸਟ ਫੈਡਰੇਸ਼ਨ ਦੇ ਜੇਰੇਮੀ ਲੀਬਲਰ ਨੇ ਵੀ ਇਸ ਵਿਵਹਾਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, ‘‘ਕਿਸੇ ਵੱਲੋਂ ਵੀ ਇਨ੍ਹਾਂ ਰਿਸ਼ਤੇਦਾਰਾਂ ਨੂੰ ਡਰਾਉਣ ਦੀ ਕੋਸ਼ਿਸ਼ ਬਹੁਤ ਹੀ ਘਿਨਾਉਣਾ ਕੰਮ ਹੈ, ਜੋ ਪਹਿਲਾਂ ਹੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਅਗਵਾ ਕਰਨ ਜਾਂ ਕਤਲ ਕਰਨ ਦੇ ਸਦਮੇ ਦਾ ਸਾਹਮਣਾ ਕਰ ਰਹੇ ਹਨ।’’

ਵਿਕਟੋਰੀਆ ਪੁਲਿਸ ਨੇ ਪੁਸ਼ਟੀ ਹੈ ਕੀਤੀ ਕਿ ਅਧਿਕਾਰੀਆਂ ਨੇ ਵਿਰੋਧ ਪ੍ਰਦਰਸ਼ਨਕ ਦਾ ਜਵਾਬ ਦਿੱਤਾ ਅਤੇ ਲਗਭਗ 20 ਪ੍ਰਦਰਸ਼ਨਕਾਰੀਆਂ ਦੇ ਸਮੂਹ ਨੂੰ ਉੱਥੋਂ ਹਟਾਇਆ। ਪ੍ਰਦਰਸ਼ਨ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ ਨਾ ਹੀ ਕੋਈ ਗ੍ਰਿਫਤਾਰੀ ਕੀਤੀ ਗਈ। ਵਿਰੋਧ ਪ੍ਰਦਰਸ਼ਨ ਨੇ ਹੋਟਲ ਵਿੱਚ ਸੁਰੱਖਿਆ ਉਪਾਵਾਂ ਅਤੇ ਪੁਲਿਸ ਸ਼ਕਤੀਆਂ ਬਾਰੇ ਸਵਾਲ ਖੜ੍ਹੇ ਕੀਤੇ ਹਨ।