ਮੈਲਬਰਨ: ਵੈਸਟਰਨ ਆਸਟ੍ਰੇਲੀਆ ’ਚ ਪੰਜਾਬੀਆਂ ਦਾ ਇਤਿਹਾਸ (Sikhs in Western Australia) ਕਾਫ਼ੀ ਪੁਰਾਣਾ ਹੈ। ਇਸ ਇਤਿਹਾਸ ਦੀ ਯਾਦ ’ਚ ਪਿਛਲੇ ਦਿਨੀਂ ਕਣਕ ਪੱਟੀ (Wheat Belt Region) ’ਚ ਸਥਿਤ ਕੁਆਰੇਡਿੰਗ ਟਾਊਨ ਦੇ ਰੇਲਵੇ ਸਟੇਸ਼ਨ ’ਤੇ ਇੱਕ ਯਾਦਗਾਰੀ ਚਿੰਨ੍ਹ (Plaque) ਲਗਾਇਆ ਗਿਆ ਹੈ। ਕੁਆਰੇਡਿੰਗ ਟਾਊਨ ਪਰਥ ਤੋਂ 164 ਕਿਲੋਮੀਟਰ ਦੂਰ ਸਥਿਤ ਹੈ।
ਸਿੱਖ ਐਸੋਸ਼ੀਏਸ਼ਨ ਆਫ਼ ਵੈਸਟਰਨ ਆਸਟ੍ਰੇਲੀਆ ਦੇ ਤਰਨਪ੍ਰੀਤ ਸਿੰਘ ਜਾਣਕਾਰੀ ਦਿੰਦਿਆਂ ਮੀਡੀਆ ਨੂੰ ਦੱਸਿਆ ਕਿ 19ਵੀਂ ਸਦੀ ਦੇ ਸ਼ੁਰੂ ’ਚ ਕਾਰਗੁਰਲੀ ਦੀਆਂ ਸੋਨੇ ਦੀਆਂ ਖਾਣਾਂ ਦੇ ਕਾਰੋਬਾਰ ’ਚ ਜਦੋਂ ਮੰਦੀ ਛਾ ਗਈ ਤਾਂ ਤਤਕਾਲੀ ਸਰਕਾਰ ਨੇ ਇਸ ਇਲਾਕੇ ਨੂੰ ਖੇਤੀ ਲਈ ਵਿਕਸਤ ਕਰਨ ਬਾਰੇ ਸੋਚਿਆ। ਉਸ ਸਮੇਂ ਖਾਣਾਂ ਲਈ ਊਠਾਂ ਰਾਹੀਂ ਢੋਆ-ਢੁਆਈ ਦਾ ਕੰਮ ਕਰਨ ਵਾਲੇ ਕੁੱਝ ਸਿੱਖਾਂ ਨੇ ਇੱਥੇ ਜ਼ਮੀਨਾਂ ਖ਼ਰੀਦ ਲਈਆਂ ਸਨ। ਇਨ੍ਹਾਂ ਸਿੱਖਾਂ ’ਚ ਚੜ੍ਹਤ ਸਿੰਘ, ਗੁਰਦਿੱਤ ਸਿੰਘ, ਮੋਹਨ ਸਿੰਘ ਅਤੇ ਰਾਮ ਸਿੰਘ ਵੀ ਸ਼ਾਮਲ ਸਨ ਜਿਨ੍ਹਾਂ ਨੇ ਇੱਥੇ 1000 ਤੋਂ 2000 ਏਕੜ ਤਕ ਜ਼ਮੀਨ ਖ਼ਰੀਦ ਲਈ ਸੀ। ਇਹ ਇੱਥੇ ਖੇਤੀ ਕਰਨ ਦੇ ਨਾਲ ਹੀ ਖਾਣਾਂ ਤਕ ਜ਼ਰੂਰੀ ਮਸ਼ੀਨਰੀ ਆਦਿ ਸਾਮਾਨ ਊਠਾਂ ਰਾਹੀਂ ਪਹੁੰਚਾਉਣ ਦਾ ਕੰਮ ਵੀ ਕਰਦੇ ਰਹੇ।
ਕੁੱਝ ਸਿੱਖਾਂ ਨੇ ਇੱਥੇ ਖੇਤੀ ਸ਼ੁਰੂ ਕੀਤੀ, ਕੁੱਝ ਨੇ ਦੂਜਿਆਂ ਦੇ ਖੇਤਾਂ ’ਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਕੁੱਝ ਨੇ ਗੱਡਿਆਂ ’ਤੇ ਸਾਮਾਨ ਲੱਦ ਕੇ ਲੋਕਾਂ ਨੂੰ ਵੇਚਣਾ ਵੀ ਸ਼ੁਰੂ ਕੀਤਾ। ਪਰ ਇੱਥੇ ਉਸ ਸਮੇਂ ਦੇ ਕਾਨੂੰਨ ਅਨੁਸਾਰ ਪਰਿਵਾਰ ਨਾਲ ਰਹਿਣ ਦੀ ਉਨ੍ਹਾਂ ਨੂੰ ਇਜਾਜ਼ਤ ਨਹੀਂ ਸੀ।
ਤਰਨਪ੍ਰੀਤ ਸਿੰਘ ਸਿੰਘ ਨੇ ਕਿਹਾ ਕਿ ਉਸ ਇਲਾਕੇ ਦੇ ਲੋਕਾਂ ਨੂੰ ਅੱਜ ਵੀ ਉਸ ਸਮੇਂ ਦੇ ਸਿੱਖਾਂ ਬਾਰੇ ਪਤਾ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੂੰ ਆਪਣੀਆਂ ਪਿਛਲੀਆਂ ਪੀੜ੍ਹੀਆਂ ਤੋਂ ਮਿਲੀ ਹੈ। ਉਨ੍ਹਾਂ ਕਿਹਾ, ‘‘ਜਦੋਂ ਅਸੀਂ plaque ਲਗਾਉਣ ਗਏ ਤਾਂ ਉੱਥੇ ਸਥਿਤ ਇੱਕ ਵਿਅਕਤੀ ਨੇ ਦੱਸਿਆ ਕਿ ਇਹ ਲੋਕ ਇੰਨੇ ਇਮਾਨਦਾਰ ਸਨ ਕਿ ਜੇਕਰ ਉਨ੍ਹਾਂ ਨੂੰ ਕਿਤੇ ਲਾਵਾਰਿਸ ਪਏ ਪੈਸੇ ਮਿਲ ਜਾਂਦੇ ਤਾਂ ਉਸ ਨੂੰ ਚੁੱਕਦੇ ਨਹੀਂ ਸਨ ਅਤੇ ਜੇਕਰ ਤੁਸੀਂ ਇੱਕ ਮਹੀਨੇ ਬਾਅਦ ਵੀ ਉੱਥੇ ਜਾਓ ਤਾਂ ਤੁਹਾਨੂੰ ਉਸ ਪੈਸੇ ਉੱਥੇ ਹੀ ਪਏ ਮਿਲਣਗੇ। ਮਤਲਬ ਇਨ੍ਹਾਂ ਸਿੱਖਾਂ ਦੇ ਉੱਥੋਂ ਦੇ ਲੋਕਾਂ ਨਾਲ ਬਹੁਤ ਦੋਸਤਾਨਾ ਸਬੰਧ ਸਨ। ਜਿਸ ਕਾਰਨ ਅੱਜ ਵੀ ਸਾਨੂੰ ਉੱਥੇ ਸੰਪਰਕ ਕਰਨ ’ਤੇ ਬਹੁਤ ਜੋਸ਼ ਨਾਲ ਮਿਲਿਆ ਜਾਂਦਾ ਹੈ।’’
ਉਨ੍ਹਾਂ ਕਿਹਾ ਕਿ ਉਸ ਸਮੇਂ ਦਾ ਕੋਈ ਲਿਖਤੀ ਇਤਿਹਾਸ ਨਹੀਂ ਹੈ ਇਸ ਕਾਰਨ ਉਥੋਂ ਦੇ ਲੋਕਾਂ ਦੀ ਜ਼ੁਬਾਨੀ ਹੀ ਇਹ ਯਾਦਾਂ ਸਾਂਭੀਆਂ ਹੋਈਆਂ ਹਨ ਜਿਸ ਨੂੰ ਸਿੱਖ ਐਸੋਸ਼ੀਏਸ਼ਨ ਆਫ਼ ਵੈਸਟਰਨ ਆਸਟ੍ਰੇਲੀਆ ਵੱਲੋਂ ਸੰਭਾਲਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਨ੍ਹਾਂ ਯਾਦਾਂ ਤੋਂ ਇਲਾਵਾ ਐਸੋਸੀਏਸ਼ਨ ਨੂੰ ਇੱਕ ਬੰਦੂਕ ਵੀ ਮਿਲੀ ਹੈ ਜੋ ਉਸ ਸਮੇਂ ਸਿੱਖਾਂ ਨੇ ਇੱਥੋਂ ਦੇ ਇੱਕ ਪਰਿਵਾਰ ਨੂੰ ਭੇਂਟ ਕੀਤੀ ਸੀ ਜੋ ਉਨ੍ਹਾਂ ਤੋਂ ਅੰਗਰੇਜ਼ੀ ਸਿੱਖਦੇ ਹੁੰਦੇ ਸਨ।