ਮੈਲਬਰਨ: ਪਿਛਲੇ ਸਾਲ ਸਿਡਨੀ ਦੇ ਇਕ ਪੱਬ ਵਿਚ ਕਿਸੇ ਅਜਨਬੀ ਤੋਂ ਲਿਫਟ ਲੈਣ ਤੋਂ ਬਾਅਦ ਲਾਪਤਾ ਹੋਈ ਇਕ ਔਰਤ (Jessica Zrinski Case) ਦੀ ਸੂਚਨਾ ਦੇਣ ਵਾਲੇ ਨੂੰ 5,00,000 ਡਾਲਰ ਦਾ ਐਲਾਨ ਕੀਤਾ ਗਿਆ ਹੈ। ਪੁਲਿਸ ਦੇ ਇਸ ਐਲਾਨ ਤੋਂ ਬਾਅਦ ਪਰਿਵਾਰ ਨੇ ਇਸ ਮਾਮਲੇ ਵਿਚ ਪੁਲਿਸ ਸਾਹਮਣੇ ਸਵਾਲ ਖੜ੍ਹੇ ਕੀਤੇ ਹਨ।
ਜੈਸਿਕਾ ਜ਼ਰਿੰਸਕੀ (30) ਨੂੰ ਆਖਰੀ ਵਾਰ 28 ਨਵੰਬਰ 2022 ਨੂੰ ਰਾਤ ਕਰੀਬ 10 ਵਜੇ ਗ੍ਰੀਨਫੀਲਡ ਪਾਰਕ ’ਚ ਸਥਿਤ ਗ੍ਰੀਨਫੀਲਡ ਟੈਵਰਨ ਦੇ ਕਾਰਪਾਰਕ ਵਿਚ ਹੋਲਡਨ ਕਮੋਡੋਰ ਸਟੇਸ਼ਨ ਵੈਗਨ ਵਿਚ ਸਵਾਰ ਹੁੰਦੇ ਦੇਖਿਆ ਗਿਆ ਸੀ। ਪੁਲਿਸ ਜਾਂਚ ਵਿੱਚ ਉਸ ਰਾਤ ਜੈਸਿਕਾ ਦੀਆਂ ਦੀ ਨਵੀਂ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਈ ਹੈ। 28 ਨਵੰਬਰ ਨੂੰ ਰਾਤ ਕਰੀਬ 10:15 ਵਜੇ ਜ਼ਰਿੰਸਕੀ ਨੂੰ ਹੌਰਸਲੇ ਪਾਰਕ ’ਚ ਹੋਲਡਨ ਕਮੋਡੋਰ ਦੀ ਮੂਹਰਲੀ ਸੀਟ ’ਤੇ ਦੇਖਿਆ ਗਿਆ। ਅਗਲੀ ਸਵੇਰ ਇਸ ਕਾਰ ਨੂੰ ਮੁੜ ਮਾਊਂਟ ਵਿਕਟੋਰੀਆ ਦੇ ਇਕ ਸਰਵਿਸ ਸਟੇਸ਼ਨ ’ਤੇ ਦੇਖਿਆ ਗਿਆ ਜਿਸ ਦੌਰਾਨ ਵੀ ਜ਼ਰਿੰਸਕੀ ਕਾਰ ਅੰਦਰ ਹੀ ਸੀ। ਡਿਟੈਕਟਿਵ ਸੁਪਰਡੈਂਟ ਡੈਨੀ ਡੋਹਰਟੀ ਨੇ ਦੱਸਿਆ ਕਿ ਜੈਸਿਕਾ ਨੂੰ ਉਸ ਰਾਤ ਤੋਂ ਬਾਅਦ ਜ਼ਿੰਦਾ ਨਹੀਂ ਦੇਖਿਆ ਗਿਆ। ਕੁੜੀ ਦੇ ਪਰਿਵਾਰ ਨੇ ਕਰੀਬ ਇਕ ਹਫਤੇ ਬਾਅਦ 3 ਦਸੰਬਰ ਨੂੰ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ। ਡੋਹਰਟੀ ਨੇ ਕਿਹਾ ਕਿ ਪੁਲਿਸ ਨੇ ਕਾਰ ਦੇ ਰਜਿਸਟਰਡ ਮਾਲਕ ਨਾਲ ਗੱਲ ਕੀਤੀ ਹੈ ਪਰ ਇਸ ਮਾਮਲੇ ’ਚ ਪੁਲਿਸ ਦੀ ਕੋਈ ਮਦਦ ਕਰਨ ’ਚ ਨਾਕਾਮਯਾਬ ਰਿਹਾ।
ਜ਼ਰਿੰਸਕੀ ਦੀ ਮਾਂ ਮਿਸ਼ੇਲ ਬਾਰਟਨ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕੋਈ ਉਨ੍ਹਾਂ ਦੀ ਧੀ ਨੂੰ ਲੱਭਣ ਵਿਚ ਮਦਦ ਕਰ ਸਕਦਾ ਹੈ। ਬਾਰਟਨ ਨੇ ਕਿਹਾ, ‘‘ਮੇਰੀ ਬੱਚੀ ਜੇਸ ਤੋਂ ਬਿਨਾਂ ਜ਼ਿੰਦਗੀ ਜਿਉਣਾ ਸਭ ਤੋਂ ਮੁਸ਼ਕਲ ਦਰਦ ਰਿਹਾ ਹੈ ਜੋ ਮੈਨੂੰ ਕਦੇ ਸਹਿਣਾ ਪਿਆ ਹੈ। ਮੈਂ ਉਸ ਨੂੰ ਸਾਰੀ ਜ਼ਿੰਦਗੀ ਪਿਆਰ ਕੀਤਾ ਹੈ, ਅਤੇ ਮੈਂ ਉਸ ਨੂੰ ਆਪਣੀ ਬਾਕੀ ਜ਼ਿੰਦਗੀ ਯਾਦ ਕਰਾਂਗੀ।’’ ਡੋਹਰਟੀ ਨੇ ਕਿਹਾ ਕਿ ਪੁਲਿਸ ਨੂੰ ਉਮੀਦ ਹੈ ਕਿ 500,000 ਡਾਲਰ ਦਾ ਇਨਾਮ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਲਈ ਉਤਸ਼ਾਹਤ ਕਰੇਗਾ।
ਡੋਹਰਟੀ ਨੇ ਕਿਹਾ, ‘‘ਜੈਸਿਕਾ ਇੱਕ ਪਿਆਰੀ ਨੌਜੁਆਨ ਔਰਤ ਸੀ। ਪਰ ਉਹ ਇੱਕ ਅਸਾਧਾਰਣ ਜੀਵਨਸ਼ੈਲੀ ਜੀਉਂਦੀ ਸੀ, ਜੈਸਿਕਾ ਲਈ ਇਸ ਤਰ੍ਹਾਂ ਦੇ ਕਿਸੇ ਦੀਆਂ ਗੱਡੀਆਂ ਵਿੱਚ ਚੜ੍ਹਨਾ ਆਮ ਵਰਗੀ ਗੱਲ ਸੀ। ਮੈਨੂੰ ਨਹੀਂ ਪਤਾ ਕਿ ਜੈਸਿਕਾ ਉਸ ਰਾਤ ਉਸ ਗੱਡੀ ਵਿੱਚ ਕਿਉਂ ਬੈਠੀ ਅਤੇ ਸਾਨੂੰ ਬਿਲਕੁਲ ਨਹੀਂ ਪਤਾ ਕਿ ਬਲੂ ਮਾਊਂਟੇਨ ਤੱਕ ਯਾਤਰਾ ਕਰਨ ਤੋਂ ਇਲਾਵਾ ਉਸ ਨਾਲ ਕੀ ਹੋਇਆ ਸੀ।’’