ਮੈਲਬਰਨ: ਇਕ ਔਰਤ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਕੁਈਨਜ਼ਲੈਂਡ ਸ਼ਾਪਿੰਗ ਸੈਂਟਰ ਸਿਰਫ਼ ਇਸ ਲਈ ਛੱਡਣ ਲਈ ਕਿਹਾ ਗਿਆ ਸੀ ਕਿਉਂਕਿ ਉਹ ਨੰਗੇ ਪੈਰ ਸੀ। ਨੰਗੇ ਪੈਰ ਰਹਿਣਾ ਆਸਟ੍ਰੇਲੀਆਈ ਲੋਕਾਂ ਦੀ ਆਮ ਆਦਤ ਹੈ ਅਤੇ ਆਸਟ੍ਰੇਲੀਆ ’ਚ ਆਮ ਤੌਰ ’ਤੇ ਲੋਕ ਘੁੰਮਣ-ਫਿਰਨ ਦੌਰਾਨ ਨੰਗੇ ਪੈਰ ਰਹਿੰਦੇ ਹਨ। ਹਾਲਾਂਕਿ ਇਸ ਔਰਤ ਨੇ ਇਕ ਆਪਣੇ ਫੇਸਬੁੱਕ ਪੇਜ ’ਤੇ ਲਿਖਿਆ ਕਿ ਮਾਰੂਚੀਡੋਰ ਦੇ ਸਨਸ਼ਾਇਨ ਪਲਾਜ਼ਾ ਦੇ ਸਟਾਫ ਨੇ ਸ਼ਨਿਚਰਵਾਰ ਨੂੰ ਉਸ ਨੂੰ ਨੰਗੇ ਪੈਰ ਦੁਕਾਨ ’ਚ ਵੜਨ ਤੋਂ ਰੋਕ ਦਿੱਤਾ ਅਤੇ ਬੂਟ ਪਹਿਨਣ ਤੋਂ ਬਾਅਦ ਹੀ ਅੰਦਰ ਜਾਣ ਦਿੱਤਾ।
ਉਸ ਨੇ ਲਿਖਿਆ, ‘‘ਮੈਂ ਅੱਜ ਸਨਸ਼ਾਇਨ ਪਲਾਜ਼ਾ ਗਈ ਸੀ ਅਤੇ ਮੈਨੂੰ ਸਿਰਫ਼ ਇਸ ਲਈ ਉੱਥੋਂ ਵਾਪਸ ਜਾਣ ਲਈ ਕਿਹਾ ਗਿਆ ਕਿਉਂਕਿ ਮੈਂ ਕੋਈ ਜੁੱਤੀਆਂ ਨਹੀਂ ਪਹਿਨੀਆਂ ਸਨ। ਨੰਗੇ ਪੈਰ ਰਹਿਣਾ ਕਦੋਂ ਤੋਂ ਗੈਰ-ਕਾਨੂੰਨੀ ਹੋ ਗਿਆ? ਕੀ ਕਿਸੇ ਹੋਰ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਹੈ?’’ ਔਰਤ ਨੇ ਇਸ ਪੋਸਟ ’ਤੇ ਆਏ ਕਈ ਕੁਮੈਂਟਸ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਉਸ ਨੂੰ ਨੰਗੇ ਪੈਰੀਂ ਘੁੰਮਣਾ ਵਧੇਰੇ ਆਰਾਮਦਾਇਕ ਲੱਗਦਾ ਹੈ। ਉਸ ਨੇ ਕਿਹਾ, ‘‘(ਮੈਂ) ਸਿਰਫ ਕੰਮ ’ਤੇ ਜਾਂ ਜਿੱਥੇ ਮੈਨੂੰ ਜੁੱਤੀਆਂ ਪਹਿਨਣੀਆਂ ਜ਼ਰੂਰੀ ਹੁੰਦੀਆਂ ਹਨ ਉੱਥੇ ਹੀ ਜੁੱਤੀਆਂ ਪਾਉਂਦੀ ਹਾਂ। ਪੈਰਾਂ ’ਤੇ ਲੱਗਣ ਵਾਲਾ ਮਿੱਟੀ-ਘੱਟਾ ਤਾਂ ਬਸ ਪਾਣੀ ਨਾਲ ਹਟ ਜਾਂਦਾ ਹੈ।’’ ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਪਹਿਲਾਂ ਵੀ ਕਈ ਸ਼ਾਪਿੰਗ ਸੈਂਟਰਾਂ ਵਿੱਚ ਨੰਗੇ ਪੈਰ ਘੁੰਮ ਚੁੱਕੀ ਹੈ ਅਤੇ 30 ਸਾਲਾਂ ਤੋਂ ਸ਼ਹਿਰ ਦੀਆਂ ਸੜਕਾਂ ’ਤੇ ਇਸੇ ਤਰ੍ਹਾਂ ਘੁੰਮ ਰਹੀ ਹੈ।
ਉਸ ਨੇ ਇੱਕ ਕੁਮੈਂਟ ਕਰਨ ਵਾਲੇ ਦੇ ਦਾਅਵਿਆਂ ਨੂੰ ਵੀ ਰੱਦ ਕਰ ਦਿੱਤਾ ਕਿ ਕੁਝ ਬਿਮਾਰੀਆਂ ਨੰਗੇ ਪੈਰਾਂ ਰਾਹੀਂ ਫੈਲ ਸਕਦੀਆਂ ਹਨ। ਉਸ ਨੇ ਕਿਹਾ, ‘‘ਇਹ ਇੰਨਾ ਸੌਖਾ ਨਹੀਂ ਹੁੰਦਾ। ਮੈਂ 30 ਸਾਲਾਂ ਤੋਂ ਸ਼ਾਪਿੰਗ ਸੈਂਟਰਾਂ ਵਿੱਚ ਨੰਗੇ ਪੈਰ ਜਾ ਰਹੀ ਹਾਂ ਅਤੇ ਸ਼ਹਿਰ ਦੀਆਂ ਸੜਕਾਂ ’ਤੇ ਘੁੰਮ ਰਹੀ ਹਾਂ। ਮੈਨੂੰ ਕਦੇ ਕੁਝ ਵੀ ਨਹੀਂ ਹੋਇਆ।’’ 300 ਟਿੱਪਣੀਆਂ ਵਿਚ ਜ਼ਿਆਦਾਤਰ ਲੋਕ ਉਸ ਦੀ ਜੁੱਤੇ ਨਾ ਪਹਿਨਣ ਵਾਲੀ ਆਦਤ ਦੀ ਆਲੋਚਨਾ ਕਰ ਰਹੇ ਸਨ, ਜਦਕਿ ਕਈ ਹੋਰਾਂ ਨੇ ਨੰਗੇ ਪੈਰ ਘੁੰਮਣ ਨੂੰ ’ਤੇ ਪਾਬੰਦੀ ਨੂੰ ਨਿੱਜੀ ਆਜ਼ਾਦੀ ’ਤੇ ਪਾਬੰਦੀ ਦੱਸਿਆ। ਲੋਕਾਂ ਨੇ ਕਿਹਾ, ‘‘ਨੰਗੇ ਪੈਰ ਘੁੰਮਣਾ ਕੁਦਰਤੀ ਹੈ। ਇਹ ਤੁਹਾਡੀ ਆਪਣੀ ਮਰਜ਼ੀ ਦਾ ਵਿਸ਼ਾ ਹੈ।’’
ਸਨਸ਼ਾਇਨ ਪਲਾਜ਼ਾ ਦੇ ਮੈਨੇਜਰ ਮਾਈਕਲ ਮਨਵਰਿੰਗ ਨੇ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਦੀ ਦੁਕਾਨ ’ਚ ਗਾਹਕਾਂ ਲਈ ਢੁਕਵੇਂ ਜੁੱਤੇ ਪਹਿਨਣੇ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਸਾਡੀ ਕੇਂਦਰ ਨੀਤੀ ਦੇ ਅਨੁਸਾਰ, ਸਨਸ਼ਾਇਨ ਪਲਾਜ਼ਾ ਆਉਣ ਵਾਲੇ ਸਾਰੇ ਸੈਲਾਨੀਆਂ ਨੂੰ ਹਰ ਸਮੇਂ ਢੁਕਵੇਂ ਪਹਿਰਾਵੇ ਅਤੇ ਜੁੱਤੀਆਂ ਪਹਿਨਣੀਆਂ ਜ਼ਰੂਰੀ ਹਨ। ਉਨ੍ਹਾਂ ਕਿਹਾ, ‘‘ਹਮੇਸ਼ਾ ਦੀ ਤਰ੍ਹਾਂ, ਸਾਡੇ ਸਾਰੇ ਗਾਹਕਾਂ, ਰਿਟੇਲਰਾਂ ਅਤੇ ਸਟਾਫ ਲਈ ਸਿਹਤ, ਸੁਰੱਖਿਆ ਅਤੇ ਤੰਦਰੁਸਤੀ ਦਾ ਸਮਰਥਨ ਕਰਨ ਲਈ ਜ਼ਰੂਰੀ ਮਾਪਦੰਡਾਂ ਨੂੰ ਬਣਾਈ ਰੱਖਣਾ ਸਾਡੀ ਪਹਿਲੀ ਤਰਜੀਹ ਹੈ।’’